ਜਲੰਧਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਬੀਐੱਸਐੱਫ ਜਲੰਧਰ ਨੂੰ 3-0 ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ 30 ਅਕਤੂਬਰ ਨੂੰ ਖੇਡੇ ਜਾਣਗੇ। ਪਹਿਲੇ ਸੈਮੀਫਾਈਨਲ ਵਿੱਚ ਪੰਜਾਬ ਨੈਸ਼ਨਲ ਬੈਂਕ ਦਿੱਲੀ ਦਾ ਮੁਕਾਬਲਾ ਭਾਰਤੀ ਰੇਲਵੇ ਦਿੱਲੀ ਨਾਲ ਤੇ ਦੂਜੇ ਸੈਮੀਫਾਈਨਲ ’ਚ ਪੰਜਾਬ ਪੁਲੀਸ ਜਲੰਧਰ ਦਾ ਮੁਕਾਬਲਾ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨਾਲ ਹੋਵੇਗਾ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਲਵਲੀ ਗਰੁੱਪ ਦੇ ਅਮਿਤ ਮਿੱਤਲ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਪੂਲ ‘ਸੀ’ ਵਿੱਚ ਆਖਰੀ ਲੀਗ ਮੈਚ ’ਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਬੀਐੱਸਐੱਫ ਜਲੰਧਰ ਨੇ ਰੱਖਿਆਤਮਕ ਖੇਡ ਦਾ ਪ੍ਰਦਰਸ਼ਨ ਕੀਤਾ। ਖੇਡ ਦੇ ਪਹਿਲੇ ਦੋ ਕਵਾਰਟਰਾਂ ਵਿੱਚ ਦੋਵੇਂ ਟੀਮਾਂ ਨੇ ਤਿੰਨ-ਤਿੰਨ ਪੈਨਲਟੀ ਕਾਰਨਰ ਗੁਆਏ। ਅੱਧੇ ਸਮੇਂ ਤੋਂ ਬਾਅਦ ਖੇਡ ਦੇ 40ਵੇਂ ਮਿੰਟ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 51ਵੇਂ ਮਿੰਟ ਵਿੱਚ ਬੈਂਕ ਦੇ ਸੁਰਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ। ਖੇਡ ਦੇ 55ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-0 ਕੀਤਾ।