ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ.ਨਗਰ(ਮੁਹਾਲੀ), 15 ਅਕਤੂਬਰ
ਖੇਡਾਂ ਵਤਨ ਪੰਜਾਬ ਦੀਆਂ-2022 ਦੇ ਸੂਬਾ ਪੱਧਰੀ ਮੁਕਾਬਲੇ ਅੱਜ ਮੁਹਾਲੀ ਵਿੱਚ ਵੱਖ-ਵੱਖ ਥਾਵਾਂ ਉੱਤੇ ਆਰੰਭ ਹੋ ਗਏ। ਮੁਹਾਲੀ ਵਿੱਚ ਫੁਟਬਾਲ, ਬੈਡਮਿੰਟਨ, ਲਾਅਨ ਟੈਨਿਸ, ਜਿਮਨਾਸਟਿਕ ਅਤੇ ਤੈਰਾਕੀ ਦੇ ਮੁਕਾਬਲੇ ਹੋ ਰਹੇ ਹਨ, ਜਿਨ੍ਹਾਂ ਵਿੱਚ ਸੂਬੇ ਭਰ ਤੋਂ ਵੱਖ-ਵੱਖ ਉਮਰ ਵਰਗ ਦੇ 3500 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਸੈਕਟਰ-63 ਦੇ ਖੇਡ ਭਵਨ ਵਿੱਚ ਤੈਰਾਕੀ ਦੇ ਮੁਕਾਬਲੇ ਆਰੰਭ ਕਰਾਏ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਅੱਜ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਦੱਸਿਆ ਕਿ ਫੁਟਬਾਲ ਅੰਡਰ-14 ਵਿੱਚ ਕਪੂਰਥਲਾ ਨੇ ਪਠਾਨਕੋਟ ਨੂੰ 4-0 ਨਾਲ, ਅੰਮ੍ਰਿਤਸਰ ਨੇ ਬਰਨਾਲਾ ਨੂੰ 3-0 ਨਾਲ, ਫਤਹਿਗੜ੍ਹ ਸਾਹਿਬ ਨੇ ਤਰਨ ਤਾਰਨ ਨੂੰ 2-1 ਨਾਲ ਅਤੇ ਮਾਨਸਾ ਨੇ ਫਿਰੋਜ਼ਪੁਰ ਨੂੰ 4-0 ਦੇ ਫਰਕ ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਤੈਰਾਕੀ 17 ਸਾਲ ਉਮਰ ਵਰਗ ਲੜਕਿਆਂ ਦੇ 100 ਮੀਟਰ ਬ੍ਰੈਸਟ ਸਟਰੋਕ ਵਿੱਚ ਰਮਰਿੰਦਰ ਸਿੰਘ ਸੰਗਰੂਰ ਨੇ ਪਹਿਲਾ ਸਥਾਨ, ਸੁਦੀਪ ਰਾਣਾ ਜਲੰਧਰ ਨੇ ਦੂਜਾ, ਕਬੀਰ ਲਖਨਪਾਲ ਮੁਹਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ 100 ਮੀਟਰ ਬ੍ਰੈਸਟ ਸਟਰੋਕ ਮੁਕਾਬਲਿਆਂ ਵਿੱਚ ਵਨਿਸ਼ਾ ਮੁਹਾਲੀ ਨੇ ਪਹਿਲਾ, ਇਕਮਬੀਰ ਕੌਰ ਜਲੰਧਰ ਨੇ ਦੂਜਾ ਅਤੇ ਕਸ਼ਿਸ਼ ਰਾਵਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ।