ਰਵਿੰਦਰ ਰਵੀ
ਬਰਨਾਲਾ, 21 ਅਗਸਤ
ਬਰਨਾਲਾ ਸ਼ਤਰੰਜ ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਵੀਕੇ ਜੋਸ਼ੀ ਪੰਜਾਬ ਰਾਜ ਸ਼ਤਰੰਜ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਇਸ ਟੂਰਨਾਮੈਂਟ ਵਿੱਚ ਸੂਬੇ ਦੇ 17 ਜ਼ਿਲ੍ਹਿਆਂ ਦੇ ਕਰੀਬ 163 ਖਿਡਾਰੀਆਂ ਨੇ ਭਾਗ ਲਿਆ।
ਬਰਨਾਲਾ ਜ਼ਿਲ੍ਹਾ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਨੀਲਕੰਠ ਸ਼ਰਮਾ, ਜਰਨਲ ਸਕੱਤਰ ਜਨਿੰਦਰ ਜੋਸ਼ੀ ਨੇ ਦੱਸਿਆ ਕਿ ਵਾਈ.ਐੱਸ. ਸਕੂਲ ਦੇ ਐੱਮਡੀ ਵਰੁਣ ਭਾਰਤੀ ਅਤੇ ਪ੍ਰਿੰਸੀਪਲ ਵਿਮੀ ਪੁਰੀ ਦੇ ਵਿਸ਼ੇਸ਼ ਸਹਿਯੋਗ ਨਾਲ ਸਕੂਲ ਵਿੱਚ ਦੋ ਵਰਗਾਂ ਦਾ ਇਹ ਪ੍ਰੋਗਰਾਮ ਕਰਵਾਇਆ ਗਿਆ।
ਇਸ ਦੌਰਾਨ ਅੰਡਰ-16 ਵਰਗ ਵਿੱਚ ਜ਼ਿਲ੍ਹਾ ਮੋਗਾ ਦੇ ਕ੍ਰਿਸ਼ ਨੇ ਪਹਿਲਾ, ਜ਼ਿਲ੍ਹਾ ਲੁਧਿਆਣਾ ਦੇ ਸੁਖਮਨੀ ਸਿੰਘ ਨੇ ਦੂਜਾ ਅਤੇ ਜ਼ਿਲ੍ਹਾ ਮੋਗਾ ਦੇ ਪਿਊਸ਼ ਜੈਨ ਨੇ ਤੀਜਾ, ਮੋਗਾ ਦੇ ਅੰਕਿਤ ਕਲੇਰਾ ਨੇ ਚੌਥਾ, ਮੋਗਾ ਦੇ ਪ੍ਰਤਾਪ ਵੀਰ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਓਪਨ ਵਰਗ ਵਿੱਚ ਬਰਨਾਲਾ ਦੇ ਜਤਿਨ ਦੂਆ ਨੇ ਪਹਿਲਾ, ਬਰਨਾਲਾ ਦੇ ਲਵਿਸ਼ ਵਰਮਾ ਨੇ ਦੂਜਾ, ਰਾਜਪੁਰਾ ਦੇ ਕੁਮਾਰ ਤੁਲਾਨੀ ਨੇ ਤੀਜਾ, ਸੁਨਾਮ ਦੇ ਨਵੀਨ ਕੁਮਾਰ ਨੇ ਚੌਥਾ, ਫਿਰੋਜ਼ਪੁਰ ਦੇ ਤਜਿੰਦਰ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ। ਦੂਜੇ ਦਿਨ ਚੈੱਕਮੇਟ ਇਮੀਗ੍ਰੇਸ਼ਨ ਸੰਸਥਾ ਦੀ ਡਾਇਰੈਕਟਰ ਨਵਿਤਾ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਦੂਜੇ ਦਿਨ ਵਿਸ਼ੇਸ਼ ਤੌਰ ’ਤੇ ਪੰਜਾਬ ਰਾਜ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ, ਜਨਰਲ ਸਕੱਤਰ ਜਗਜੀਤ ਸਿੰਘ ਚੀਮਾ, ਮੀਤ ਪ੍ਰਧਾਨ ਹਰਚਰਨ ਸਿੰਘ, ਖ਼ਜ਼ਾਨਚੀ ਅਸ਼ਵਨੀ ਤਿਵਾੜੀ ਹਾਜ਼ਰ ਸਨ।
ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਬਜ਼ੁਰਗਾਂ ਦੀ ਮੈਰਾਥਨ
ਮਾਨਸਾ: ਰੋਟਰੀ ਕਲੱਬ ਮਾਨਸਾ (ਰੋਇਲ) ਵਲੋਂ ਅੱਜ ਇਥੇ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਨੂੰ ਨਿਵੇਕਲੇ ਢੰਗ ਨਾਲ ਮਨਾਇਆ ਗਿਆ, ਜਿਸ ਦੌਰਾਨ ਬੁਜ਼ਰਗਾਂ ਦੀ ਇੱਕ ਮੈਰਾਥਨ ਦੌੜ ਕਰਵਾਈ ਗਈ। ਸ਼ਹਿਰ ਦੇ ਬਾਰਾਂ ਹੱਟਾਂ ਚੌਕ ਤੋਂ ਗਊਸ਼ਾਲਾ ਭਵਨ ਤੱਕ ਕਰਵਾਈ ਗਈ ਇਸ ਦੌੜ ਵਿੱਚ 65 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜਨਜ਼ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਰਾਜੇਸ਼ ਸਿੰਗਲਾ ਨੇ ਦੱਸਿਆ ਕਿ ਦੌੜ ਨੂੰ ਉਘੇ ਸਮਾਜ ਸੇਵੀ ਮਿੱਠੂ ਰਾਮ ਅਰੋੜਾ ਅਤੇ ਹਰੀਸ਼ ਗਰਗ ਨੇ ਹਰੀ ਝੰਡੀ ਦੇਕੇ ਰਵਾਨਾ ਕੀਤਾ।ਉਨ੍ਹਾਂ ਦੱਸਿਆ ਕਿ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਦਾ ਸਨਮਾਨ ਕੀਤਾ। ਕਲੱਬ ਵਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਰਮੇਸ਼ ਜਿੰਦਲ, ਦੂਜਾ ਸਥਾਨ ਪ੍ਰਾਪਤ ਕਰਨ ਵਾਲੇ ਸੱਤ ਪਾਲ ਗਰਗ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਅਜੀਤ ਸਿੰਗਲਾ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। -ਪੱਤਰ ਪ੍ਰੇਰਕ