ਕੋਲੰਬੋ, 5 ਜੁਲਾਈ
ਸ੍ਰੀਲੰਕਾ ਦੇ ਕ੍ਰਿਕਟਰ ਕੁਸਲ ਮੈਂਡਿਸ ਨੂੰ ਆਪਣੀ ਕਾਰ ਨਾਲ ਸਾਈਕਲ ਸਵਾਰ ਨੂੰ ਟੱਕਰ ਮਾਰ ਕੇ ਮਾਰ ਦੇਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ। ਇਹ ਹਾਦਸਾ ਕੋਲੰਬੋ ਦੇ ਉਪਨਗਰ ਪਨਾਦੁਰਾ ਵਿੱਚ ਹੋਇਆ ਜਿਸ ਵਿੱਚ 64 ਸਾਲਾ ਸਾਈਕਲ ਸਵਾਰ ਦੀ ਮੌਤ ਹੋ ਗਈ। ਮੈਂਡਿਸ ਨੂੰ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਜਦੋਂ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਦਸੇ ਵਿੱਚ ਪੀੜਤ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕ੍ਰਿਕਟਰ ਦੀ ਐੱਸਯੂਵੀ ਨੂੰ ਕਾਬੂ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ ਕਿ ਕ੍ਰਿਕਟਰ ਨਸ਼ੇ ਵਿੱਚ ਸੀ ਜਾਂ ਨਹੀਂ। 25 ਸਾਲਾ ਵਿਕਟ ਕੀਪਰ ਬੱਲੇਬਾਜ਼ ਮੈਂਡਿਸ ਨੇ 44 ਟੈਸਟ ਅਤੇ 76 ਇਕ ਰੋਜ਼ਾ ਮੈਚਾਂ ਵਿਚ ਸ੍ਰੀਲੰਕਾ ਦੀ ਪ੍ਰਤੀਨਿਧਤਾ ਕੀਤੀ ਹੈ।