ਨਵੀਂ ਦਿੱਲੀ, 3 ਜਨਵਰੀ
ਭਾਰਤ ਦੀ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਇੱਕ ਫਿਰ ਪੀਐੱਸਏ ਵਿਸ਼ਵ ਮਹਿਲਾ ਦਰਜਾਬੰਦੀ ’ਚ ਸਿਖਰਲੀਆਂ 10 ਖ਼ਿਡਾਰਨਾਂ ’ਚ ਸ਼ਾਮਲ ਹੋ ਗਈ ਹੈ। ਉਹ 2016 ਵਿੱਚ ਪਹਿਲੀ ਵਾਰ ਆਪਣੇ ਕਰੀਅਰ ਦੇ ਸਰਬੋਤਮ 10ਵੇਂ ਸਥਾਨ ’ਤੇ ਪਹੁੰਚੀ ਸੀ। ਜੋਸ਼ਨਾ (35) ਨੇ ਇੱਕ ਵਾਰ ਫਿਰ ਟਾਪ-10 ਖ਼ਿਡਾਰਨਾਂ ’ਚ ਜਗ੍ਹਾ ਬਣਾ ਲਈ ਹੈ ਅਤੇ ਹੁਣ ਆਲਮੀ ਦਰਜਾਬੰਦੀ ਵਿੱਚ ਉਸ ਨੂੰ 10ਵਾਂ ਸਥਾਨ ਮਿਲਿਆ ਹੈ। ਦੂਜੇ ਪਾਸੇ ਪੁਰਸ਼ਾਂ ਦੀ ਦਰਜਾਬੰਦੀ ’ਚ ਭਾਰਤ ਦਾ ਸੌਰਵ ਘੋਸ਼ਾਲ ਇੱਕ ਸਥਾਨ ਖਿਸਕ ਕੇ 16ਵੇਂ ਸਥਾਨ ’ਤੇ ਚਲਾ ਗਿਆ ਹੈ। ਭਾਰਤੀ ਸਕੁਐਸ਼ ਖਿਡਾਰੀਆਂ ਲਈ ਇਹ ਵਰ੍ਹਾ ਕਾਫੀ ਅਹਿਮ ਹੈ, ਕਿਉਂਕਿ ਇਸ ਸਾਲ ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਹੋਣੀਆਂ ਹਨ। ਭਾਰਤੀ ਖਿਡਾਰਨ ਦੀਪਿਕਾ ਪੱਲੀਕਲ ਵੀ ਜਲਦੀ ਹੀ ਮੈਦਾਨ ’ਚ ਵਾਪਸੀ ਕਰ ਸਕਦੀ ਹੈ। ਲੰਘੇ ਵਰ੍ਹੇ ਅਕਤੂਬਰ ਮਹੀਨੇ ਉਸ ਦੇ ਘਰ ਦੋ ਜੁੜਵਾਂ ਬੱਚਿਆਂ ਨੇ ਜਨਮ ਲਿਆ ਸੀ। ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਪੱਲੀਕਲ ਅਤੇ ਚਿਨੱਪਾ ਨੇ ਮਹਿਲਾ ਡਬਲਜ਼ ’ਚ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਵੱਲੋਂ ਏਸ਼ਿਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ’ਚ ਫਿਰ ਤੋਂ ਜੋੜੀ ਬਣਾ ਕੇ ਖੇਡਣ ਦੀ ਉਮੀਦ ਹੈ। -ਪੀਟੀਆਈ