ਕਾਹਿਰਾ: ਭਾਰਤ ਦੇ ਸਟਾਰ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਇਸ ਸਾਲ ਦੇ ਪਹਿਲੇ ਆਈਐੱਸਐੱਸਐੱਫ ਵਿਸ਼ਵ ਕੱਪ ਵਿਚ ਪੁਰਸ਼ਾਂ ਦੇ ਦਸ ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤ ਲਿਆ ਹੈ। ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਚੌਧਰੀ ਨੇ ਸੋਨ ਤਗ਼ਮੇ ਦੇ ਮੁਕਾਬਲੇ ਵਿਚ ਜਰਮਨੀ ਦੇ ਮਾਈਕਲ ਸ਼ਵਾਲਡ ਨੂੰ ਪਛਾੜਿਆ। ਰੂਸ ਦੇ ਅਰਟੇਮ ਚੈਰਨੋਸੋਵ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਯੂਕਰੇਨ ’ਤੇ ਰੂਸ ਦੇ ਹਮਲੇ ਕਰ ਕੇ ਉਸ ਦਾ ਝੰਡਾ ਹਟਾ ਦਿੱਤਾ ਗਿਆ ਸੀ। ਓਲੰਪੀਅਨ ਤੇ ਯੂਥ ਓਲੰਪਿਕ ਸੋਨ ਤਗ਼ਮਾ ਜਿੱਤ ਚੁੱਕਿਆ ਚੌਧਰੀ ਕੁਆਲੀਫਿਕੇਸ਼ਨ ਵਿਚ 584 ਸਕੋਰ ਕਰ ਕੇ ਤੀਜੇ ਸਥਾਨ ’ਤੇ ਸੀ। ਉਸ ਨੇ ਰਿਲੇਅ ਵਨ ਦੇ ਆਖਰੀ ਗੇੜ ਵਿਚ 38 ਸਕੋਰ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਤਗ਼ਮੇ ਦੇ ਮੁਕਾਬਲੇ ਵਿਚ ਉਸ ਨੇ 42.5 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ। ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਭਾਰਤ ਦੀ ਐਸ਼ਾ ਸਿੰਘ, ਸ੍ਰੀ ਨਿਵੇਤਾ ਅਤੇ ਰੁਚਿਤਾ ਵਿਨੇਰਕਰ ਚੁਣੌਤੀ ਪੇਸ਼ ਕਰਨਗੀਆਂ। -ਪੀਟੀਆਈ