ਸ਼ਾਰਜਾਹ: ਪਾਕਿਸਤਾਨ ਦੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਨੇ ਸੋਸ਼ਲ ਮੀਡੀਆ ’ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਭਾਰਤ ਦੇ ਮਾਹਿਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਸਮਰਥਨ ਕਰਦਿਆਂ ਅੱਜ ਲੋਕਾਂ ਨੂੰ ਖਿਡਾਰੀਆਂ ਪ੍ਰਤੀ ਸਨਮਾਨ ਦਿਖਾਉਣ ਦੀ ਅਪੀਲ ਕੀਤੀ। ਭਾਰਤ ਬੀਤੇ ਦਿਨੀਂ ਪਾਕਿਸਤਾਨ ਤੋਂ ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਦਸ ਵਿਕਟਾਂ ਨਾਲ ਹਾਰ ਗਿਆ ਸੀ। ਇਸ ਦੌਰਾਨ ਸ਼ਮੀ ਨੇ 3.5 ਓਵਰਾਂ ਵਿੱਚ 43 ਦੌੜਾਂ ਦੇ ਦਿੱਤੀਆਂ ਸਨ। ਸੋਸ਼ਲ ਮੀਡੀਆ ’ਤੇ ਉਸ ਦੇ ਪ੍ਰਦਰਸ਼ਨ ਨੂੰ ਧਰਮ ਨਾਲ ਜੋੜ ਕੇ ਨਿਸ਼ਾਨਾ ਬਣਾਇਆ ਗਿਆ। ਇਸ ਮੈਚ ਵਿੱਚ ਸਲਾਮੀ ਬੱਲੇਬਾਜ਼ ਰਿਜ਼ਵਾਨ ਨੇ 79 ਦੌੜਾਂ ਦੀ ਪਾਰੀ ਖੇਡੀ ਸੀ। ਉਸ ਨੇ ਕਿਹਾ ਕਿ ਖਿਡਾਰੀਆਂ ’ਤੇ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨ ਦਾ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ। -ਪੀਟੀਆਈ