ਨਵੀਂ ਦਿੱਲੀ: ਮੌਜੂਦਾ ਚੈਂਪੀਅਨ ਭਾਰਤ ਨੇ ਕੋਲੰਬੋ ’ਚ ਖੇਡੇ ਗਏ ਸੈਫ ਅੰਡਰ-17 ਫੁਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ 10 ਖਿਡਾਰੀਆਂ ਨਾਲ ਖੇਡ ਰਹੇ ਨੇਪਾਲ ਨੂੰ 4-0 ਨਾਲ ਹਰਾ ਕੇ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਭਾਰਤ ਵੱਲੋਂ ਬੌਬੀ ਸਿੰਘ, ਕੋਰੌ ਸਿੰਘ, ਕਪਤਾਨ ਵਨਲਾਲਪੇਕਾ ਗੁਇਟੇ ਤੇ ਅਮਨ ਨੇ 1-1 ਗੋਲ ਦਾਗਿਆ। ਲੀਗ ਗੇੜ ’ਚ ਨੇਪਾਲ ਨੇ ਭਾਰਤ ਨੂੰ 3-1 ਨਾਲ ਹਰਾਇਆ ਸੀ ਪਰ ਫਾਈਨਲ ਵਿੱਚ ਭਾਰਤੀ ਟੀਮ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਉਂਦਿਆਂ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਭਾਰਤੀ ਕਪਤਾਨ ਗੁਇਟੇ ਨੂੰ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਐਲਾਨਿਆ ਗਿਆ ਜਦਕਿ ਸਾਹਿਲ ਨੂੰ ਸਭ ਤੋਂ ਵਧੀਆ ਗੋਲਕੀਪਰ ਦਾ ਪੁਰਸਕਾਰ ਮਿਲਿਆ। ਭਾਰਤ ਦੇ ਮੁੱਖ ਕੋਚ ਬਬਿੀਆਨੋ ਫਰਨਾਂਡੇਜ਼ ਨੇ ਖਿਡਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੂੰ ਆਪਣੇ ਖਿਡਾਰੀਆਂ ’ਤੇ ਮਾਣ ਹੈ। ਉਨ੍ਹਾਂ ਇਸ ਲਈ ਸਖਤ ਮਿਹਨਤ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਹਿਯੋਗੀ ਸਟਾਫ਼ ਤੇ ਖਿਡਾਰੀਆਂ ਦੋਵਾਂ ਨੂੰ ਜਾਂਦਾ ਹੈ। -ਪੀਟੀਆਈ