ਨਵੀਂ ਦਿੱਲੀ, 24 ਨਵੰਬਰ
ਭਾਰਤੀ ਕ੍ਰਿਕਟ ਖਿਡਾਰੀ ਰੋਹਿਤ ਸ਼ਰਮਾ ਤੇ ਇਸ਼ਾਂਤ ਸ਼ਰਮਾ ਆਸਟਰੇਲੀਆ ਵਿੱਚ ਸ਼ੁਰੂ ਹੋ ਰਹੇ ਪਹਿਲੇ ਦੋ ਟੈਸਟ ਮੈਚ ਨਹੀਂ ਖੇਡ ਸਕਣਗੇ। ਇਨ੍ਹਾਂ ਖਿਡਾਰੀਆਂ ਦੇ ਤੀਜੇ ਤੇ ਚੌਥੇ ਟੈਸਟ ਮੈਚ ਦੌਰਾਨ ਫਿੱਟ ਹੋਣ ਦੀ ਉਮੀਦ ਵੀ ਘਟਦੀ ਜਾ ਰਹੀ ਹੈ ਕਿਉਂਕਿ ਬੀਸੀਸੀਆਈ ਅਨੁਸਾਰ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਤੰਦਰੁਸਤ ਹੋਣ ਲਈ ਹਾਲੇ ਇਕ ਮਹੀਨਾ ਹੋਰ ਲੱਗੇਗਾ। ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਟੈਸਟ ਮੈਚ 17 ਦਸੰਬਰ ਨੂੰ ਐਡੀਲੇਡ ਵਿਚ ਸ਼ੁਰੂ ਹੋ ਰਿਹਾ ਹੈ ਜਦਕਿ ਤੀਜਾ ਟੈਸਟ 7 ਜਨਵਰੀ ਨੂੰ ਸਿਡਨੀ ਵਿਚ ਹੋਵੇਗਾ। ਇਹ ਦੋਵੇਂ ਖਿਡਾਰੀ ਇਸ ਵੇਲੇ ਕੌਮੀ ਕ੍ਰਿਕਟ ਅਕਾਦਮੀ ਵਿੱਚ ਹਨ। ਉਨ੍ਹਾਂ ਨੂੰ ਆਈਪੀਐਲ ਦੇ ਮੈਚਾਂ ਵਿਚ ਮਾਸਪੇਸ਼ੀਆਂ ਵਿਚ ਖਿਚਾਅ ਦੀ ਸਮੱਸਿਆ ਆ ਗਈ ਸੀ। ਇਹ ਦੋਵੇਂ 27 ਨਵੰਬਰ ਨੂੰ ਸ਼ੁਰੂ ਹੋ ਰਹੀ ਇਕ ਰੋਜ਼ਾ ਲੜੀ ਵਿਚੋਂ ਪਹਿਲਾਂ ਹੀ ਬਾਹਰ ਹਨ ਪਰ ਉਨ੍ਹਾਂ ਨੂੰ 17 ਦਸੰਬਰ ਤੋਂ ਸ਼ੁਰੂ ਹੋੋਣ ਵਾਲੀ ਟੈਸਟ ਟੀਮ ਵਿਚ ਰੱਖਿਆ ਗਿਆ ਸੀ। ਈਐਸਪੀਐਨ ਕ੍ਰਿਕ ਇੰਫੋ ਨੇ ਵੀ ਦੋਵਾਂ ਖਿਡਾਰੀਆਂ ਦੇ ਪਹਿਲੇ ਦੋਵੇਂ ਟੈਸਟਾਂ ਵਿਚੋਂ ਬਾਹਰ ਹੋਣ ਦੀ ਪੁਸ਼ਟੀ ਕੀਤੀ ਹੈ। ਕੌਮੀ ਕ੍ਰਿਕਟ ਅਕਾਦਮੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਖਿਡਾਰੀਆਂ ਨੂੰ ਠੀਕ ਹੋਣ ਵਿਚ ਹਾਲੇ ਤਿੰਨ ਜਾਂ ਚਾਰ ਹਫਤੇ ਲੱਗਣਗੇ। ਜੇ ਰੋਹਿਤ ਠੀਕ ਵੀ ਹੋ ਜਾਂਦਾ ਹੈ ਤਾਂ ਨਿਯਮਾਂ ਅਨੁਸਾਰ ਉਸ ਨੂੰ 14 ਦਿਨ ਇਕਾਂਤਵਾਸ ਰਹਿਣਾ ਪਵੇਗਾ। -ਆਈਏਐਨਐਸ
ਕੋਹਲੀ ਦੀ ਗੈਰਹਾਜ਼ਰੀ ਵਿੱਚ ਭਾਰਤ ਟੈਸਟ ਲੜੀ ਹਾਰੇਗਾ: ਕਲਾਰਕ
ਨਵੀਂ ਦਿੱਲੀ: ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਕਿ ਜੇ ਕੋਹਲੀ ਦੀ ਟੀਮ ਨੇ ਉਸ ਦੀ ਵਾਪਸੀ ਤੋਂ ਪਹਿਲਾਂ ਇਕ ਦਿਨਾ ਮੈਚਾਂ ਵਿਚ ਲੈਅ ਨਾ ਫੜੀ ਤਾਂ ਭਾਰਤੀ ਟੀਮ ਆਸਟਰੇਲੀਆ ਕੋਲੋਂ ਟੈਸਟ ਮੈਚਾਂ ਵਿਚ 4-0 ਨਾਲ ਹਾਰੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕੋਹਲੀ ਦੇ ਪਹਿਲੇ ਬੱਚੇ ਦੇ ਜਨਮ ਲਈ ਛੁੱਟੀ ਦਿੱਤੀ ਹੈ। ਉਹ ਤਿੰਨ ਇਕ ਰੋਜ਼ਾ, ਤਿੰਨ ਟੀ-20 ਮੈਚ ਤੇ ਪਹਿਲਾ ਐਡੀਲੇਡ ਟੈਸਟ ਮੈਚ ਖੇਡਣ ਤੋਂ ਬਾਅਦ ਭਾਰਤ ਵਾਪਸ ਆਵੇਗਾ। ਕਲਾਰਕ ਨੇ ਕਿਹਾ ਕਿ ਕੋਹਲੀ ਭਾਰਤੀ ਟੀਮ ਦੀ ਬਿਹਤਰ ਅਗਵਾਈ ਕਰ ਸਕਦਾ ਹੈ ਪਰ ਜੇ ਟੀਮ ਨੇ ਇਕ ਦਿਨਾ ਮੈਚਾਂ ਵਿਚ ਵਧੀਆ ਕਾਰਗੁਜ਼ਾਰੀ ਨਾ ਦਿਖਾਈ ਤਾਂ ਭਾਰਤ ਨੂੰ ਟੈਸਟ ਮੈਚਾਂ ਵਿਚ ਗੰਭੀਰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਵ ਦੀਆਂ ਦੋ ਮੋਹਰੀ ਟੀਮਾਂ ਭਾਰਤ ਤੇ ਆਸਟਰੇਲੀਆ ਵਿਚ ਮੈਚਾਂ ਦੀ ਸ਼ੁਰੂਆਤ 27 ਨਵੰਬਰ ਨੂੰ ਸਿਡਨੀ ਵਿਚ ਇਕ ਰੋਜ਼ਾ ਮੈਚ ਨਾਲ ਹੋਵੇਗੀ। ਉਸ ਨੇ ਕਿਹਾ ਕਿ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਵਧੀਆ ਗੇਂਦਬਾਜ਼ੀ ਨਾਲ ਮੇਜ਼ਬਾਨ ਟੀਮ ’ਤੇ ਦਬਾਅ ਬਣਾ ਸਕਦਾ ਹੈ ਤੇ ਉਸ ਕੋਲ ਮੁਸ਼ਕਲ ਹਾਲਾਤ ਵਿਚ ਵਿਕਟਾਂ ਲੈਣ ਦੀ ਕਾਬਲੀਅਤ ਹੈ। -ਆਈਏਐਨਐਸ
ਨਵੀਂ ਜਰਸੀ ਵਿਚ ਨਜ਼ਰ ਆਵੇਗੀ ਭਾਰਤੀ ਟੀਮ਼
ਸਿਡਨੀ: ਭਾਰਤੀ ਟੀਮ ਆਸਟਰੇਲੀਆ ਨਾਲ ਮੈਚਾਂ ਵਿਚ ਨਵੀਂ ਜਰਸੀ ਵਿਚ ਨਜ਼ਰ ਆਵੇਗੀ। ਭਾਰਤੀ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਅੱਜ ਨਵੀਂ ਜਰਸੀ ਦੀ ਝਲਕ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ। ਉਸ ਨੇ ਫੋੋਟੋ ਸ਼ੇਅਰ ਕਰਦਿਆਂ ਕਿਹਾ ਕਿ ਨੀਲੇ ਰੰਗ ਦੀ ਵਰਦੀ ਟੀਮ ਵਿਚ ਹੋਰ ਜੋਸ਼ ਭਰੇਗੀ। ਇਸ ਜਰਸੀ ’ਤੇ ਨਵੇਂ ਸਪਾਂਸਰ ਐਮਪੀਐਲ ਸਪੋਰਟਸ, ਐਥਲਈਅਰ ਵੀਅਰ ਤੇ ਹੋਰ ਬਰਾਂਡਾਂ ਦੇ ਲੋਗੋ ਪ੍ਰਦਰਸ਼ਤ ਕੀਤੇ ਗਏ ਹਨ। ਐਮਪੀਐਲ ਸਪੋਰਟਸ ਨੇ ਬੀਸੀਸੀਆਈ ਨਾਲ ਤਿੰਨ ਸਾਲ ਦਾ ਕਰਾਰ ਕੀਤਾ ਹੈ। ਆਸਟਰੇਲੀਆ ਟੀਮ ਵੀ ਟੀ-20 ਮੈਚਾਂ ਲਈ ਘਰੇਲੂ ਜਰਸੀ ਪਾਏਗੀ।-ਪੀਟੀਆਈ
ਗਾਂਗਲੀ ਨੇ 22 ਵਾਰ ਕਰੋਨਾ ਜਾਂਚ ਕਰਵਾਈ
ਮੁੰਬਈ: ਭਾਰਤੀ ਕ੍ਰਿਕਟ ਬੋਰਡ ਦੇ ਮੁਖੀ ਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਅੱਜ ਖੁਲਾਸਾ ਕੀਤਾ ਹੈ ਕਿ ਕਰੋਨਾ ਮਹਾਮਾਰੀ ਦੌਰਾਨ ਉਸਨੇ ਪਿਛਲੇ ਸਾਢੇ ਚਾਰ ਮਹੀਨਿਆਂ ਵਿਚ 22 ਵਾਰ ਕਰੋਨਾ ਦੀ ਜਾਂਚ ਕਰਵਾਈ ਹੈ। ਗਾਂਗੁਲੀ ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਵਿਚ ਇੰਡੀਅਨ ਪ੍ਰੀਮੀਅਰ ਲੀਗ ਮੁਕਾਬਲਿਆਂ ਵਿਚ ਰੁੱਝਿਆ ਹੋਇਆ ਸੀ। ਗਾਂਗੁਲੀ ਨੇ ਵਰਚੁਅਲ ਮੀਡੀਆ ਕਾਨਫਰੰਸ ਮੌਕੇ ਕਿਹਾ ਕਿ ਇੰਨੀ ਵਾਰ ਜਾਂਚ ਕਰਵਾਉਣ ਦੇ ਬਾਵਜੂਦ ਉਹ ਇਕ ਵਾਰ ਵੀ ਪਾਜ਼ੇਟਿਵ ਨਹੀਂ ਆਇਆ। ਉਸ ਨੇ ਕਿਹਾ ਕਿ ਉਸ ਦੇ ਆਲੇ ਦੁਆਲੇ ਦੇ ਕਈ ਜਣੇ ਪਾਜ਼ੇਟਿਵ ਮਿਲੇ ਸਨ ਜਿਸ ਕਰ ਕੇ ਉਸ ਨੂੰ ਨਿਯਮਿਤ ਤੌਰ ’ਤੇ ਜਾਂਚ ਕਰਵਾਉਣੀ ਪਈ। ਉਹ ਆਪਣੇ ਬਜ਼ੁਰਗ ਮਾਪਿਆਂ ਨਾਲ ਰਹਿੰਦਾ ਹੈ। ਗਾਂਗੁਲੀ ਨੇ ਆਸਟਰੇਲੀਆ ਵਿਚ ਵੀ ਕਰੋਨਾ ਕਾਰਨ ਇਕਾਂਤਵਾਸ ਦਾ ਸਮਾਂ ਪੂਰਾ ਕਰ ਲਿਆ ਹੈ। -ਪੀਟੀਆਈ