ਸ਼ਸ਼ੀ ਪਾਲ ਜੈਨ
ਖਰੜ, 21 ਮਈ
ਆਂਸਲ 114 ਰੈਜ਼ੀਡੈਂਟ ਵੈੱਲਫੇਅਰ ਸੁਸਾਇਟੀ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉੱਥੋਂ ਦੇ ਵਸਨੀਕਾਂ ਨੂੰ ਬਿਜਲੀ ਸਬੰਧੀ ਸ਼ਿਕਾਇਤਾਂ ਦੂਰ ਨਾ ਕਰਨ ਅਤੇ ਪਾਣੀ ਸਪਲਾਈ ਦੀ ਠੀਕ ਨਾ ਹੋਣ ਵਿਰੁੱਧ ਲੋਕ ਸਭਾ ਚੋਣਾ ਦਾ ਬਾਈਕਾਟ ਕੀਤਾ ਜਾਵੇਗਾ। ਸੁਸਾਇਟੀ ਦੇ ਜਰਨਲ ਸਕੱਤਰ ਅਚਿਨ ਗਾਬਾ ਨੇ ਦੱਸਿਆ ਕਿ ਸਾਰੇ ਵਸਨੀਕਾਂ ਨੇ ਬਿਲਡਰ ਦੇ ਦਫ਼ਤਰ ਅੱਗੇ ਰੋਸ ਪ੍ਰਗਟਾਵਾ ਕਰਨਾ ਸੀ। ਇਸ ਕਾਰਨ ਬਿਲਡਰ ਨੇ ਆਰਜੀ ਪ੍ਰਬੰਧ ਕੀਤੇ ਹਨ। ਉਨ੍ਹਾਂ ਦੱਸਿਆ ਕਿ ਵਸਨੀਕ ਲੰਬੇ ਸਮੇਂ ਤੋਂ ਅਧਿਕਾਰੀਆਂ ਨੂੰ ਆਪਣੀਆਂ ਮੰਗਾਂ ਸਬੰਧੀ ਸ਼ਿਕਾਇਤਾਂ ਕਰ ਰਹੇ ਹਨ ਪਰ ਅੱਜ ਤੱਕ ਉਨਾਂ ਦੀਆਂ ਸਮੱਸਆਵਾਂ ਦਾ ਹੱਲ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ ਇੱਥੋਂ ਦੇ ਵਸਨੀਕ ਬਿਜਲੀ ਦੀ ਸਪਲਾਈ ਅਤੇ ਪਾਣੀ ਦੀ ਸਪਲਾਈ ਦੀਆਂ ਸਮੱਸਿਆਵਾਂ ਸਬੰਧੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ। ਉਨਾਂ ਕਿਹਾ ਕਿ ਵਸਨੀਕ ਲੰਬੇ ਸਮੇਂ ਤੋਂ ਪਾਵਰਕੌਮ ਦੇ ਅਧਿਕਾਰੀਆਂ ਨਾਲ ਇੱਥੋਂ ਦੀ ਬਿਜਲੀ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਕਹਿ ਰਹੇ ਹਨ ਪਰ ਉਨ੍ਹਾਂ ਵੱਲੋਂ ਦਿੱਤੇ ਭਰੋਸਿਆਂ ਦੇ ਬਾਵਜੂਦ ਅਜੇ ਤਕ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਇੱਥੋਂ ਦੇ ਵਸਨੀਕ 3 ਦਿਨਾਂ ਤੋਂ ਬਿਜਲੀ ਦੀ ਸਪਲਾਈ ਤੋਂ ਬਗੈਰ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅੰਤ ਵਿੱਚ ਤੰਗ ਪ੍ਰੇਸ਼ਾਨ ਹੋ ਕੇ ਵਸਨੀਕਾਂ ਨੇ ਲੋਕ ਸਭਾ ਦੀਆਂ ਚੋਣਾਂ ਦਾ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਹੈ।