ਐੱਸਐੱਸ ਸੱਤੀ
ਮਸਤੂਆਣਾ ਸਾਹਿਬ, 26 ਅਕਤੂਬਰ
ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਸੰਤ ਅਤਰ ਸਿੰਘ ਯਾਦਗਾਰੀ ਖੇਡ ਮੈਦਾਨ ਮਸਤੂਆਣਾ ਸਾਹਿਬ ਵਿਖੇ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਅਤੇ ਫਿਜ਼ੀਕਲ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ 42ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਬੜੀ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈ। ਇਸ ਮੀਟ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚੋਂ 488 ਦੇ ਕਰੀਬ 30 ਸਾਲ ਤੋਂ 90 ਸਾਲ ਤੱਕ ਦੇ ਵਡੇਰੀ ਉਮਰ ਦੇ ਖਿਡਾਰੀਆਂ (ਮਰਦ ਅਤੇ ਔਰਤਾਂ) ਨੇ ਭਾਗ ਲਿਆ। ਇਸ ਮੌਕੇ ਹੋਏ ਵੱਖ ਵੱਖ ਮੁਕਾਬਲਿਆਂ ਵਿਚ ਸੰਗਰੂਰ ਦੇ ਬਜ਼ੁਰਗਾਂ ਨੇ 367 ਅੰਕ ਪ੍ਰਾਪਤ ਕਰਕੇ ਓਵਰਹਾਲ ਚੈਂਪੀਅਨਸ਼ਿੱਪ ’ਤੇ ਕਬਜ਼ਾ ਕੀਤਾ। ਜਦੋਂ ਕਿ ਦੂਸਰੇ ਸਥਾਨ ਤੇ ਲੁਧਿਆਣਾ ਨੇ 321 ਅੰਕ, ਤੀਸਰੇ ਸਥਾਨ ਤੇ ਪਟਿਆਲਾ ਨੇ 179 ਅੰਕ ਪ੍ਰਾਪਤ ਕਰਕੇ ਬਾਜ਼ੀ ਮਾਰੀ। ਇਸ ਚੈਂਪੀਅਨਸ਼ਿੱਪ ਵਿਚ ਔਰਤਾਂ ਵਿਚ ਸੰਗਰੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਦੂਸਰੇ ਸਥਾਨ ਤੇ ਲੁਧਿਆਣਾ, ਤੀਸਰੇ ਸਥਾਨ ਤੇ ਮੁਹਾਲੀ ਨੇ ਬਾਜੀ ਮਾਰੀ। ਇਸੇ ਤਰ੍ਹਾਂ ਮਰਦਾਂ ਵਿਚ ਲੁਧਿਆਣਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦੋਂਕਿ ਦੂਸਰੇ ਸਥਾਨ ਤੇ ਸੰਗਰੂਰ, ਤੀਸਰੇ ਸਥਾਨ ਤੇ ਗੁਰਦਾਸਪੁਰ ਨੇ ਬਾਜ਼ੀ ਮਾਰੀ। ਇਸ ਚੈਂਪੀਅਨਸ਼ਿੱਪ ਦਾ ਉਦਘਾਟਨ ਅਰਜਨ ਐਵਾਰਡੀ ਤਾਰਾ ਸਿੰਘ ਨੇ ਕੀਤਾ। ਇਨਾਮਾਂ ਦੀ ਵੰਡ ਸੰਤ ਅਤਰ ਸਿੰਘ ਸਰਕਾਰੀ ਪੋਲਟੈਕਨਿਕ ਕਾਲਜ ਬਡਬਰ ਦੇ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਕੀਤੀ। ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰੀਤਮ ਸਿੰਘ ਸਿੱਧੂ ਮੁਹਾਲੀ, ਡਾ. ਓਂਕਾਰ ਸਿੰਘ, ਡਾ. ਜਗਦੀਪ ਸਿੰਘ ਧੂਰੀ, ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਭੁਪਿੰਦਰ ਸਿੰਘ ਗਰੇਵਾਲ, ਸ੍ਰੀ ਪ੍ਰੇਮ ਸੁੱਖ ਅਤੇ ਸ੍ਰ. ਰਾਜਵੰਤ ਸਿੰਘ ਘੁੱਲੀ ਆਦਿ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।