ਨਵੀਂ ਦਿੱਲੀ, 9 ਦਸੰਬਰ
ਭਾਰਤ ਲਈ 17 ਸਾਲ ਦੀ ਉਮਰ ਵਿੱਚ ਕੌਮਾਂਤਰੀ ਕ੍ਰਿਕਟ ਵਿੱਚ ਪੈਰ ਧਰਨ ਵਾਲੇ ਪਾਰਥਿਵ ਪਟੇਲ ਨੇ ਅੱਜ ਖੇਡ ਤੋਂ ਸੰਨਿਆਸ ਲੈ ਲਿਆ ਹੈ। ਪਾਰਥਿਵ ਨੇ ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਮੈਂ ਅੱਜ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਸੰਨਿਆਸ ਲੈ ਰਿਹਾ ਹਾਂ। ਭਰੇ ਮਨ ਨਾਲ ਆਪਣੇ 18 ਸਾਲ ਦੇ ਕ੍ਰਿਕਟ ਸਫ਼ਰ ਨੂੰ ਖ਼ਤਮ ਕਰ ਰਿਹਾ ਹਾਂ।’’ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ 17 ਸਾਲ 153 ਦਿਨ ਦੀ ਉਮਰ ਵਿੱਚ ਕ੍ਰਿਕਟ ਵਿੱਚ ਕਦਮ ਰੱਖਣ ਵਾਲੇ ਪਾਰਥਿਵ ਨੇ 65 ਕੌਮਾਂਤਰੀ ਮੈਚ ਖੇਡੇ, ਜਿਨ੍ਹਾਂ ਵਿੱਚ 25 ਟੈਸਟ, 38 ਇੱਕ ਰੋਜ਼ਾ ਅਤੇ ਦੋ ਟੀ-20 ਮੈਚ ਸ਼ਾਮਲ ਹਨ। ਉਸ ਨੇ 1696 ਦੌੜਾਂ ਬਣਾਈਆਂ, ਜਿਸ ਵਿੱਚ ਟੈਸਟ ਕ੍ਰਿਕਟ ਦੀਆਂ 934 ਦੌੜਾਂ ਸ਼ਾਮਲ ਹਨ। ਇਸ ਤੋਂ ਇਲਾਵਾ ਬਤੌਰ ਵਿਕਟਕੀਪਰ ਟੈਸਟ ਵਿੱਚ 62 ਕੈਚ ਲਏ ਅਤੇ ਦਸ ਖਿਡਾਰੀ ਸਟੰਪ ਆਊਟ ਕੀਤੇ। ਉਸ ਨੇ ਜ਼ਿਆਦਾਤਰ ਘਰੇਲੂ ਕ੍ਰਿਕਟ ਖੇਡੀ ਹੈ। ਪਾਰਥਿਵ ਦੀ ਕਪਤਾਨੀ ਵਿੱਚ ਗੁਜਰਾਤ ਨੇ 2016-17 ਵਿੱਚ ਰਣਜੀ ਖ਼ਿਤਾਬ ਜਿੱਤਿਆ ਸੀ। -ਪੀਟੀਆਈ