ਭੁਵਨੇਸ਼ਵਰ, 26 ਦਸੰਬਰ
ਪੈਰਾਲੰਪਿਕ ਚੈਂਪੀਅਨ ਕ੍ਰਿਸ਼ਨਾ ਨਾਗਰ ਨੇ ਸ਼ਾਨਦਾਰ ਲੈਅ ਜਾਰੀ ਰੱਖਦਿਆਂ ਅੱਜ ਇੱਥੇ ਚੌਥੀ ਕੌਮੀ ਪੈਰਾ ਬੈਡਮਿੰਟਨ ਚੈਂਪੀਅਨਸ਼ਿਪ ’ਚ ਤਿੰਨ ਸੋਨ ਤਗ਼ਮੇ ਜਿੱਤੇ ਹਨ। ਨਾਗਰ ਨੇ ਸਿੰਗਲਜ਼, ਪੁਰਸ਼ ਡਬਲਜ਼ ਤੇ ਮਿਕਸਡ ਡਬਲਜ਼ ’ਚ ਸੋਨ ਤਗ਼ਮੇ ਜਿੱਤ ਕੇ 2019 ਦੀ ਕੌਮੀ ਚੈਂਪੀਅਨਸ਼ਿਪ ਵਾਲੀ ਆਪਣੀ ਕਾਰਗੁਜ਼ਾਰੀ ਦੁਹਰਾਈ ਹੈ। ਉਨ੍ਹਾਂ ਪੁਰਸ਼ ਸਿੰਗਲਜ਼ ‘ਐੱਸਐੱਚ6’ ਵਰਗ ’ਚ ਸਿਰਫ਼ 20 ਮਿੰਟ ਤੱਕ ਚੱਲੇ ਮੁਕਾਬਲੇ ’ਚ ਸੁਦਰਸ਼ਨ ਨੂੰ ਅਸਾਨੀ ਨਾਲ 21-12, 21-12 ਨਾਲ ਹਰਾਇਆ। ਨਾਗਰ ਤੇ ਨਿੱਤਿਆ ਸਰੇ ਦੀ ਮਿਕਸਡ ਡਬਲਜ਼ ਜੋੜੀ ਨੇ ਧਿਰਗਰਨ ਤੇ ਲਤਾਤਾਈ ਉਮਰੇਕਰ ਦੀ ਜੋੜੀ ਨੂੰ 17 ਮਿੰਟ ’ਚ ਹਰਾਇਆ। ਪੁਰਸ਼ ਡਬਲਜ਼ ’ਚ ਉਸ ਦੀ ਤੇ ਰਾਜਾ ਮਗੋਤਰਾ ਦੀ ਜੋੜੀ ਨੇ ਧਿਨਗਰਨ ਤੇ ਸ਼ਿਵਰਾਜਨ ਦੀ ਜੋੜੀ ਨੂੰ 35 ਮਿੰਟ ਤੱਕ ਚੱਲੇ ਮੁਕਾਬਲੇ ’ਚ 21-15, 21-15 ਨਾਲ ਹਰਾਇਆ। ਇਸੇ ਦੌਰਾਨ ਹਰਿਆਣਾ ਦੇ ਨਿਤੀਸ਼ ਰਾਣਾ ਨੇ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਪ੍ਰਮੋਦ ਭਗਤ ਨੂੰ 21-17, 21-19 ਨਾਲ ਹਰਾ ਕੇ ਪੁਰਸ਼ ਸਿੰਗਲਜ਼ ‘ਐੱਸਐੱਲ3’ ਵਰਗ ਦੇ ਫਾਈਨਲ ’ਚ ਥਾਂ ਬਣਾਈ। -ਪੀਟੀਆਈ