ਨਵੀਂ ਦਿੱਲੀ, 28 ਅਗਸਤ
ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਗੇਂਦਬਾਜ਼ ਸਮੇਤ ਚੇਨੱਈ ਸੁਪਰ ਕਿੰਗਜ਼ ਦੇ ਕੁਝ ਹੋਰਨਾਂ ਮੈਂਬਰਾਂ ਦੇ ਕੋਵਿਡ-19 ਲਈ ਪਾਜ਼ੇਟਿਵ ਨਿਕਲਣ ਮਗਰੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਆਈਪੀਐੱਲ ਫਰੈਂਚਾਇਜ਼ੀ ਨੂੰ ਦੁਬਈ ਵਿੱਚ ਆਪਣੇ ਇਕਾਂਤਵਾਸ ਦੀ ਮਿਆਦ ਅੱਗੇ ਵਧਾਉਣੀ ਹੋਵੇਗੀ। ਫਰੈਂਚਾਇਜ਼ੀ ਨੇ ਭਾਵੇਂ ਅਜੇ ਤਕ ਅਧਿਕਾਰਤ ਤੌਰ ’ਤੇ ਕੋਈ ਬਿਆਨ ਜਾਰੀ ਨਹੀਂ ਕੀਤਾ, ਪਰ 19 ਸਤੰਬਰ ਤੋਂ ਸ਼ੁਰੂ ਹੋ ਰਹੀ ਆਈਪੀਐੱਲ ਤੋਂ ਪਹਿਲਾਂ ਟੀਮ ਲਈ ਝਟਕਾ ਹੈ।
ਆਈਪੀਐੱਲ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਲਈ ਹਾਲ ਹੀ ਵਿੱਚ ਸਫ਼ੇਦ ਗੇਂਦ ਨਾਲ ਖੇਡਣ ਵਾਲੇ ਸੱਜੇ ਹੱਥ ਦੇ ਮੀਡੀਅਮ ਤੇਜ਼ ਗੇਂਦਬਾਜ਼ ਸਮੇਤ ਕੁਝ ਹੋਰ ਸਟਾਫ਼ ਨੂੰ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਗਿਣਤੀ ਵੱਧ ਤੋਂ ਵੱਧ 12 ਹੋ ਸਕਦੀ ਹੈ। ਇਸ ਨਵੇਂ ਘਟਨਾਕ੍ਰਮ ਮਗਰੋਂ ਚੇਨੱਈ ਸੁਪਰਕਿੰਗਜ਼ ਨੂੰ ਆਪਣਾ ਇਕਾਂਤਵਾਸ 1 ਸਤੰਬਰ ਤਕ ਵਧਾਉਣਾ ਪੈ ਸਕਦਾ ਹੈ। ਚੇਤੇ ਰਹੇ ਕਿ ਕਰੋਨਾ ਮਹਾਮਾਰੀ ਦੇ ਵੱਧਦੇ ਕੇਸਾਂ ਕਰਕੇ ਹੀ ਆਈਪੀਐੱਲ ਨੂੰ ਇਸ ਸਾਲ ਦੁਬਈ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਸੀ।