ਟੋਕੀਓ, 30 ਜੁਲਾਈ
ਨੋਵਾਕ ਜੋਕੋਵਿਚ ਟੋਕੀਓ ਓਲੰਪਿਕਸ ’ਚ ਟੈਨਿਸ ਦੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿੱਚ ਹਾਰ ਗਿਆ। ਇਸ ਕਾਰਨ ਉਸ ਦਾ ਗੋਲਡਨ ਸਲੈਮ ਪੂਰਾ ਕਰਨ ਦਾ ਸੁਫ਼ਨਾ ਟੁੱਟ ਗਿਆ। ਪਹਿਲੇ ਸੈੱਟ ਵਿੱਚ ਪਿੱਛੇ ਰਹਿਣ ਤੋਂ ਬਾਅਦ ਦੋ ਘੰਟੇ ਅਤੇ ਤਿੰਨ ਮਿੰਟ ਤੱਕ ਚੱਲੇ ਮੈਚ ਵਿੱਚ ਸਰਬੀਆ ਦੇ ਇਸ ਖਿਡਾਰੀ ਨੂੰ ਜਰਮਨੀ ਦੇ ਜ਼ਵੇਰੇਵ ਨੇ 1-6, 6-3, 6-1 ਨਾਲ ਹਰਾਇਆ। ਜੋਕੋਵਿਚ ਓਲੰਪਿਕ ਵਿੱਚ ਸੋਨ ਤਗਮਾ ਜਿੱਤ ਕੇ ਗੋਲਡਨ ਸਲੈਮ ਪੂਰਾ ਕਰਨ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਇਸ ਸਾਲ ਆਸਟਰੇਲੀਅਨ ਓਪਨ, ਫਰੈਂਚ ਓਪਨ ਅਤੇ ਵਿੰਬਲਡਨ ਜਿੱਤੇ ਹਨ, ਜਦੋਂ ਕਿ ਯੂਐਸ ਓਪਨ ਅਜੇ ਹੋਣਾ ਬਾਕੀ ਹੈ। ਗੋਲਡਨ ਸਲੈਮ ਉਸੇ ਸਾਲ ਦੇ ਸਾਰੇ ਚਾਰ ਗ੍ਰੈਂਡ ਸਲੈਮ ਨਾਲ ਓਲੰਪਿਕ ਸੋਨ ਤਗਮਾ ਜਿੱਤਣ ਨੂੰ ਕਹਿੰਦੇ ਹਨ। ਸਟੈਫੀ ਗ੍ਰਾਫ (1988) ਇਹ ਉਪਲੱਬਧੀ ਹਾਸਲ ਕਰਨ ਵਾਲੀ ਇਕਲੌਤੀ ਟੈਨਿਸ ਖਿਡਾਰਨ ਹੈ।