ਨਰਿੰਦਰ ਸਿੰਘ
ਚੰਡੀਗੜ੍ਹ: ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਓਲੰਪਿਕਸ ਐਨੀਆਂ ਡਰ-ਡਰ ਕੇ ਵੀ ਹੋਣਗੀਆਂ। ਖੇਡਾਂ ਹੌਸਲੇ, ਦਲੇਰੀ ਤੇ ਮਿਲਵਰਤਨ ਦਾ ਪ੍ਰਤੀਕ ਹਨ, ਪਰ ਕਰੋਨਾ ਕਰ ਕੇ ਇਹ ਤਿੰਨੋਂ ਗਾਇਬ ਹਨ। ਹੁਣ ਮੈਦਾਨਾਂ ਵਿੱਚ ਖਿਡਾਰੀ ਕੋਈ ਪ੍ਰਾਪਤੀ ਕਰਨ ਬਾਅਦ ਦਰਸ਼ਕਾਂ ਦੀਆਂ ਵਧਾਈਆਂ ਲੈਣ ਲਈ ਤਰਸਦਾ ਰਹੇਗਾ। ਖਿਡਾਰੀ ਨਾਲ ਕੋਚ ਦੀ ਹਰ ਵੇਲੇ ਇਹੀ ਨਜ਼ਰ ਰਹੇਗੀ ਕਿ ਉਸ ਦਾ ਚੇਲਾ ਕਿਧਰੇ ਕਮਰੇ ਤੋਂ ਬਾਹਰ ਐਵੇਂ ਤਾਂ ਨਹੀਂ ਘੁੰਮ ਰਿਹਾ। ਪ੍ਰੈਕਟਿਸ ਕਰੋ, ਰੋਟੀ-ਪਾਣੀ ਛਕੋ ਤੇ ਕਮਰੇ ਵਿੱਚ ਜਾ ਕੇ ਸੌਂ ਜਾਓ। ਨਾ ਖਿਡਾਰੀ ਇਕ ਦੂਜੇ ਮੁਲਕ ਦੇ ਸੱਭਿਆਚਾਰ ਨੂੰ ਜਾਣ ਸਕਣਗੇ ਤੇ ਨਾ ਜਿੱਤ-ਹਾਰ ਮਗਰੋਂ ਕਿਸੇ ਨੂੰ ਗਲੇ ਮਿਲ ਕੇ ਵਧਾਈ ਦੇ ਸਕਣਗੇ। ਖਿਡਾਰੀ ਤਾਂ ਤਾੜੀਆਂ ਦੀ ਗੂੰਜ ਨੂੰ ਤਰਸ ਜਾਣਗੇ, ਕਿਉਂਕਿ ਸਟੇਡੀਅਮ ਦਰਸ਼ਕਾਂ ਤੋਂ ਵਾਂਝੇ ਹੋਣਗੇ। ਖਿਡਾਰੀਆਂ ਦੀ ਤਾਕਤ ਉਦੋਂ ਦੁੱਗਣੀ ਹੋ ਜਾਂਦੀ ਹੈ, ਜਦੋਂ ਬਾਹਰ ਖੜੇ ਲੋਕ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੀ ਹਾਰ ਨੂੰ ਜਿੱਤ ਵਿੱਚ ਬਦਲ ਦਿੰਦੇ ਹਨ। ਸਵਾਲ ਹੈ ਕਿ ਜਿਹੜੇ ਖਿਡਾਰੀਆਂ ਨੂੰ ਅਜਿਹੀ ਹੱਲਾਸ਼ੇਰੀ ਦੀ ਆਦਤ ਹੈ, ਕੀ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਸਕਣਗੇ। ਸਾਲ ਪਹਿਲਾਂ ਹੋਣ ਵਾਲੀਆਂ ਇਹ ਖੇਡਾਂ ਪੱਛੜੀਆਂ ਹਨ, ਪਰ ਕੀ ਇਸ ਦੇ ਬਾਵਜੂਦ ਟੋਕੀਓ ਓਲੰਪਿਕਸ ਵਿੱਚ ਵੱਧ ਨਵੇਂ ਰਿਕਾਰਡ ਬਣਨਗੇ। ਅਜਿਹਾ ਲੱਗਦਾ ਤਾਂ ਨਹੀਂ ਕਿਉਂਕਿ ਡਰ ਤੇ ਸਹਿਮ ਦੇ ਮਾਹੌਲ ਵਿੱਚ ਨਾ ਪ੍ਰੈਕਟਿਸ ਕੀਤੀ ਤੇ ਨਾ ਕਿਸੇ ਨੇ ਕਰਵਾਈ। ਖਿਡਾਰੀਆਂ ਦੇ ਖਾਣ-ਪੀਣ ਤੇ ਰਹਿਣ-ਸਹਿਣ ਦਾ ਢੰਗ ਬਦਲ ਗਿਆ। ਇਸ ਵਾਰ ਵਿਅਕਤੀਗਤ ਖੇਡਾਂ ਵਾਲੇ ਜਿਵੇਂ-ਤਿਵੇਂ ਸਮਾਂ ਲੰਘਾ ਜਾਣਗੇ, ਪਰ ਟੀਮ ਮੁਕਾਬਲਿਆਂ ਵਿੱਚ ਤਾਂ ਖਿਡਾਰੀਆਂ ਨੂੰ ਹਰ ਵੇਲੇ ਇਕ ਦੂਜੇ ਤੋਂ ਡਰ ਹੀ ਲੱਗਿਆ ਰਹੇਗਾ। ਕੀ ਹੁਣ ਇਸ ਡਰ ਕਰਕੇ ਕੋਈ ਖਿਡਾਰੀ ਵਿਰੋਧੀ ਟੀਮ ਦੇ ਮੈਂਬਰ ਤੋਂ ਗੇਂਦ ਖੋਹਣ ਜਾਵੇਗਾ? ਐਤਕੀਂ ਸਭ ਤੋਂ ਮਾੜੀ ਗੱਲ ਇਹ ਹੋ ਸਕਦੀ ਹੈ ਕਿ ਜੇ ਚੰਗੇ ਖਿਡਾਰੀ ਕਰੋਨਾ ਦੀ ਗ੍ਰਿਫ਼ਤ ਵਿੱਚ ਆ ਗਏ ਤਾਂ ਖੇਡਾਂ ਦਾ ਰੰਗਾ ਫਿੱਕਾ ਪੈ ਜਾਵੇਗਾ। ਆਓ! ਸਾਰੇ ਇਹ ਅਰਦਾਸ ਕਰੀਏ ਕਿ ਅਜਿਹਾ ਨਾ ਹੋਵੇ ਤੇ ਦਰਸ਼ਕ ਨਹੀਂ ਤਾਂ ਘੱਟੋ-ਘੱਟ ਆਪਣੇ-ਬਿਗਾਨੇ ਖਿਡਾਰੀ ਇਕ-ਦੂਜੇ ਦੀ ਹੌਸਲਾ-ਅਫ਼ਜ਼ਾਈ ਲਈ ਮੈਦਾਨ ਨੂੰ ਤਾੜੀਆਂ ਨਾਲ ਗੂੰਜਣ ਲਾ ਦੇਣ।