ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 6 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਮਹਿਲਾ ਹਾਕੀ ਟੀਮ ਨਾਲ ਇਥੇ ਆਨਲਾਈਨ ਗੱਲਬਾਤ ਕੀਤੀ ਤੇ ਟੋਕੀਓ ਓਲੰਪਿਕ ਵਿੱਚ ਗ੍ਰੇਟ ਬ੍ਰਿਟੇਨ ਹੱਥੋਂ ਮਿਲੀ ਹਾਰ ਲਈ ਦਿਲਾਸਾ ਦਿੰਦਿਆਂ ਟੀਮ ਦੀਆਂ ਖਿਡਾਰਨਾਂ ਨੂੰ ਹਿੰਮਤ ਨਾ ਹਾਰਨ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਟੀਮ ਦੀਆਂ ਖਿਡਾਰਨਾਂ ਇਸ ਹਾਰ ਮਗਰੋਂ ਸਦਮੇ ਵਿੱਚ ਹਨ ਤੇ ਕਈ ਖਿਡਾਰਨਾਂ ਮੈਚ ਖਤਮ ਹੋਣ ਮਗਰੋਂ ਹਾਕੀ ਸਟੇਡੀਅਮ ਵਿੱਚ ਹੀ ਰੋਣ ਲੱਗ ਪਈਆਂ ਸਨ। ਸ੍ਰੀ ਮੋਦੀ ਨੇ ਖਿਡਾਰਨਾਂ ਨੂੰ ਨਾ ਰੋਣ ਦੀ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਹਾਕੀ ਨੇ ਨਵੀਆਂ ਬੁਲੰਦੀਆਂ ਛੋਹੀਆਂ ਹਨ ਤੇ ਇਹ ਉਪਲਬਦੀ ਖਿਡਾਰੀਆਂ ਤੇ ਖਿਡਾਰਨਾਂ ਦੀ ਅਣਥੱਕ ਮਿਹਨਤ ਨਾਲ ਹੀ ਹਾਸਲ ਹੋਈ ਹੈ। ਇਸੇ ਦੌਰਾਨ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਸ੍ਰੀ ਮੋਦੀ ਵੱਲੋਂ ਟੀਮ ਦਾ ਹੌਸਲਾ ਵਧਾਉਣ ਲਈ ਧੰਨਵਾਦ ਕੀਤਾ। ਸ੍ਰੀ ਮੋਦੀ ਨੇ ਟੀਮ ਦੀ ਖਿਡਾਰਨ ਨਵਨੀਤ ਦਾ ਹਾਲ-ਚਾਲ ਵੀ ਪੁੱਛਿਆ। ਖੇਡ ਦੌਰਾਨ ਨਵਨੀਤ ਦੀ ਅੱਖ ਕੋਲ ਸੱਟ ਲੱਗ ਗਈ ਸੀ ਤੇ ਉਸ ਨੂੰ ਚਾਰ ਟਾਂਕੇ ਲਗਾਏ ਗਏ ਹਨ। ਪ੍ਰਧਾਨ ਮੰਤਰੀ ਨੇ ਮੈਚ ਦੌਰਾਨ ਵੰਦਨਾ ਤੇ ਸਲੀਮਾ ਵੱਲੋਂ ਕੀਤੇ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।