ਟੋਕੀਓ, 3 ਅਗਸਤ
ਏਸ਼ਿਆਈ ਰਿਕਾਰਡਧਾਰਕ ਸ਼ਾਟਪੁੱਟ (ਗੋਲਾ ਸੁਟਾਵਾ) ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਓਲੰਪਿਕ ਕੁਆਲੀਫਿਕੇਸ਼ਨ ਗਰੁੱਪ ਏ ਵਿੱਚ 13ਵੇਂ ਸਥਾਨ ’ਤੇ ਰਹਿ ਕੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਿਆ ਹੈ। ਤੂਰ ਨੇ ਜੂਨ ਵਿੱਚ ਇੰਡੀਅਨ ਗ੍ਰਾਂ ਪ੍ਰੀ ਵਿੱਚ 21.49 ਮੀਟਰ ਦੇ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ ਨਾਲ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਤੂਰ ਕੁਆਲੀਫਾਈਂਗ ਗੇੜ ਦੌਰਾਨ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਵੈਧ ਥ੍ਰੋਅ ਸੁੱਟ ਸਕਿਆ, ਜੋ 19.99 ਮੀਟਰ ਦਾ ਸੀ। ਉਹ 16 ਖਿਡਾਰੀਆਂ ’ਚੋਂ 13ਵੇਂ ਸਥਾਨ ’ਤੇ ਰਿਹਾ। ਮੋਢੇ ’ਤੇ ਪੱਟੀ ਬੰਨ ਕੇ ਖੇਡਣ ਵਾਲੇ ਤੂਰ ਦੀਆਂ ਦੋ ਕੋਸ਼ਿਸ਼ਾਂ ਫਾਊਲ ਮੰਨੀਆਂ ਗਈਆਂ। ਤੂਰ ਦੂਜੇ ਕੁਆਲੀਫਾਈਂਗ ਗੇੜ (ਗਰੁੱਪ ਬੀ) ਤੋਂ ਪਹਿਲਾਂ ਹੀ ਬਾਹਰ ਹੋ ਗਏ। -ਪੀਟੀਆਈ
ਜੈਵਲਿਨ ਥ੍ਰੋਅ ’ਚ ਅਨੂ ਰਾਣੀ ਵੀ ਰਹੀ ਫਾਡੀ
ਮਹਿਲਾ ਜੈਵਲਿਨ ਥ੍ਰੋਅਰ ਅਨੂ ਰਾਣੀ ਵੀ ਆਪਣੇ ਖਰਾਬ ਪ੍ਰਦਰਸ਼ਨ ਕਰਕੇ ਫਾਈਨਲ ਵਿੱਚ ਥਾਂ ਬਣਾਉਣ ਤੋਂ ਖੁੰਝ ਗਈ ਹੈ। ਅਨੂ 54.04 ਮੀਟਰ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਕੇ 14ਵੇਂ ਸਥਾਨ ’ਤੇ ਰਹੀ। ਅਨੂ ਨੇ 14 ਖਿਡਾਰਨਾਂ ਦੇ ਗਰੁੱਪ ਵਿੱਚ ਪਹਿਲੀ ਕੋਸ਼ਿਸ਼ ਵਿੱਚ 50.35 ਮੀਟਰ ਤੇ ਦੂਜੀ ਵਿੱਚ 53.19 ਮੀਟਰ ਦੀ ਦੂਰੀ ਤੈਅ ਕੀਤੀ। 29 ਸਾਲਾ ਅਥਲੀਟ ਨੂੰ 12 ਖਿਡਾਰੀਆਂ ਦੇ ਫਾਈਨਲ ਵਿੱਚ ਥਾਂ ਪੱਕੀ ਕਰਨ ਲਈ ਬਿਹਤਰ ਪ੍ਰਦਰਸ਼ਨ ਦੀ ਲੋੜ ਸੀ, ਪਰ ਉਹ 63 ਮੀਟਰ ਦੇ ਕੁਆਲੀਫਾਈਂਗ ਮਾਰਕ ਦੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕੀ। ਅਨੂ ਦਾ ਸਰਵੋਤਮ ਪ੍ਰਦਰਸ਼ਨ 63.24 ਮੀਟਰ ਹੈ, ਜੋ ਉਸ ਨੇ ਇਸ ਸਾਲ ਫੈਡਰੇਸ਼ਨ ਕੱਪ ਵਿੱਚ ਹਾਸਲ ਕੀਤਾ ਸੀ। ਪੋਲੈਂਡ ਦੀ ਮਾਰੀਆ ਆਂਦਰੇਜਿਕ ਇਕਮਾਤਰ ਅਥਲੀਟ ਸੀ, ਜਿਸ ਨੇ ਪਹਿਲੇ ਹੱਲੇ ਹੀ 65.25 ਮੀਟਰ ਜੈਵਲਿਨ (ਭਾਲਾ) ਸੁੱਟਿਆ।