ਕੁਆਲਾਲੰਪੁਰ: ਭਾਰਤ ਦੇ ਐੱਚਐੱਸ ਪ੍ਰਣਯ ਨੇ ਅੱਜ ਇੱਥੋਂ ਦੇ ਡੈਰੇਨ ਲਿਊ ਨੂੰ ਹਰਾ ਕੇ ਮਲੇਸ਼ੀਆ ਓਪਨ ਬੈਮਿੰਡਨ ਟੂਰਨਾਮੈਂਟ ਵਿੱਚ ਪੁਰਸ਼ ਸਿੰਗਲਜ਼ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਇਸ ਮਹੀਨੇ ਇੰਡੋਨੇਸ਼ੀਆ ਓਪਨ ਸੂਪਰ 1000 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੇ ਪ੍ਰਣਯ ਨੇ 62 ਮਿੰਟ ਚੱਲੇ ਮੁਕਾਬਲੇ ਵਿੱਚ ਮਲੇਸ਼ੀਆ ਦੇ ਖਿਡਾਰੀ ਨੂੰ 21-14 17-21 21-18 ਨਾਲ ਹਰਾਇਆ। ਇਸ ਤੋਂ ਪਹਿਲਾਂ ਬੀ. ਸਾਈ ਪ੍ਰਣੀਤ ਅਤੇ ਸਮੀਰ ਵਰਮਾ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ਵਿੱਚ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਏ। ਪ੍ਰਣੀਤ ਨੂੰ ਦੁਨੀਆਂ ਦੇ ਛੇਵੇਂ ਦਰਜੇ ਦੇ ਖਿਡਾਰੀ ਇੰਡੋਨੇਸ਼ੀਆ ਦੇ ਐਂਥਨੀ ਸਿਨੀਸੁਕਾ ਗਿਨਟਿੰਗ ਨੇ ਹਰਾਇਆ ਜਦੋਂਕਿ ਸਮੀਰ ਨੂੰ ਵੀ ਇੰਡੋਨੇਸ਼ੀਆ ਦੇ ਹੀ ਜੌਨਾਥਨ ਕ੍ਰਿਸਟੀ ਨੇ ਮਾਤ ਦਿੱਤੀ। ਵਿਸ਼ਵ ਦਾ 19ਵੇਂ ਦਰਜੇ ਦਾ ਖਿਡਾਰੀ 30 ਸਾਲਾ ਪ੍ਰਣੀਤ ਪੁਰਸ਼ ਸਿੰਗਲਜ਼ ਦੇ 50 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਗਿੰਟਿੰਗ ਤੋਂ 15-21, 21-19, 9-21 ਨਾਲ ਹਾਰ ਗਿਆ। ਸੱਟ ਤੋਂ ਬਾਅਦ ਵਾਪਸੀ ਕਰ ਰਹੇ ਸਮੀਰ ਨੂੰ ਵੀ 49 ਮਿੰਟ ਚੱਲੇ ਮੁਕਾਬਲੇ ਵਿੱਚ 14-21,21-13,7-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਡਬਲਜ਼ ਵਿੱਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਦੀ ਮਹਿਲਾ ਜੋੜੀ ਪਹਿਲੇ ਗੇੜ ਵਿੱਚ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ ਦੀ ਛੇਵੇਂ ਦਰਜੇ ਦੀ ਜੋੜੀ ਤੋਂ 15-21, 11-21 ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ। -ਪੀਟੀਆਈ