ਨਵੀਂ ਦਿੱਲੀ, 31 ਮਾਰਚ
ਨੌਜਵਾਨ ਮਿੱਡਫੀਲਡਰ ਹਾਰਦਿਕ ਸਿੰਘ ਅਤੇ ਡਿਫੈਂਡਰ ਸਲੀਮਾ ਟੇਟੇ ਨੂੰ ਸਾਲ 2023 ਦੇ ਕ੍ਰਮਵਾਰ ਪੁਰਸ਼ ਤੇ ਮਹਿਲਾ ਸਰਵੋਤਮ ਖਿਡਾਰੀ ਦਾ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਪੁਰਸਕਾਰ ਦਿੱਤਾ ਗਿਆ ਜਦਕਿ ਮੇਜਰ ਧਿਆਨਚੰਦ ਦੇ ਨਾਮ ’ਤੇ ਤਾਉਮਰ ਪ੍ਰਾਪਤੀ ਸਨਮਾਨ ਉਨ੍ਹਾਂ ਦੇ ਪੁੱਤਰ ਅਸ਼ੋਕ ਕੁਮਾਰ ਨੂੰ ਮਿਲਿਆ ਹੈ। ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਟੀਮ ਦੇ ਮੈਂਬਰ 25 ਸਾਲਾ ਹਾਰਦਿਕ ਸੌ ਤੋਂ ਵੱਧ ਕੌਮਾਂਤਰੀ ਮੈਚ ਖੇਡ ਚੁੱਕਿਆ ਹੈ ਜਦੋਂਕਿ ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ਨਾਲ ਸਬੰਧਤ ਸਲੀਮਾ ਟੇਟੇ ਟੋਕੀਓ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹੀ ਭਾਰਤੀ ਮਹਿਲਾ ਟੀਮ ਦਾ ਹਿੱਸਾ ਸੀ। ਸਾਲ ਦੇ ਸਰਵੋਤਮ ਖਿਡਾਰੀ ਨੂੰ ਪੁਰਸਕਾਰ ਵਜੋਂ 25 ਲੱਖ ਰੁਪਏ ਤੇ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਇੱਥੇ ਕਰਵਾਏ ਹਾਕੀ ਇੰਡੀਆ ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿੱਚ ਪੀਆਰ ਸ੍ਰੀਜੇਸ਼ ਨੂੰ ਸਾਲ 2023 ਦੇ ਸਰਵੋਤਮ ਗੋਲਕੀਪਰ ਅਤੇ ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਸਰਵੋਤਮ ਡਿਫੈਂਡਰ ਦਾ ਪੁਰਸਕਾਰ ਮਿਲਿਆ ਹੈ। ਹਰਮਨਪ੍ਰੀਤ ਨੇ ਇਸ ਮੌਕੇ ਕਿਹਾ, ‘‘ਪੁਰਸਕਾਰ ਹੋਰ ਵਧੀਆ ਖੇਡਣ ਦੀ ਪ੍ਰੇਰਨਾ ਦਿੰਦੇ ਹਨ।’’ ਹਾਰਦਕਿ ਨੇ ਸਰਵੋਤਮ ਮਿਡਫੀਲਡਰ ਦਾ ਪੁਰਸਕਾਰ ਵੀ ਜਿੱਤਿਆ ਅਤੇ ਸਰਵੋਤਮ ਫਾਰਵਰਡ ਦਾ ਪੁਰਸਕਾਰ ਅਭਿਸ਼ੇਕ ਨੂੰ ਮਿਲਿਆ। ਸਰਵੋਤਮ ਉਭਰਦਾ ਅੰਡਰ-21 ਖਿਡਾਰੀ ਦਾ ਪੁਰਸਕਾਰ ਮਹਿਲਾ ਵਰਗ ਵਿੱਚ ਦੀਪਿਕਾ ਸੋਰੇਂਗ ਅਤੇ ਪੁਰਸ਼ ਵਰਗ ਵਿੱਚ ਅਰਾਈਜੀਤ ਸਿੰਘ ਹੁੰਦਲ ਨੂੰ ਮਿਲਿਆ। ਮੇਜਰ ਧਿਆਨ ਚੰਦ ਤਾਉਮਰ ਪ੍ਰਾਪਤੀ ਪੁਰਸਕਾਰ ਜਿੱਤਣ ਵਾਲੇ ਉਨ੍ਹਾਂ ਦੇ ਪੁੱਤਰ ਅਤੇ 1975 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਅਸ਼ੋਕ ਕੁਮਾਰ ਨੇ ਕਿਹਾ, ‘‘ਅਸੀਂ ਸਰਦਾਰ ਬਲਬੀਰ ਸਿੰਘ, ਊਧਮ ਸਿੰਘ, ਕੈਪਟਨ ਰੂਪ ਸਿੰਘ, ਕੇ ਡੀ ਸਿੰਘ ਬਾਬੂ ਵਰਗੇ ਮਹਾਨ ਖਿਡਾਰੀਆਂ ਦੀ ਰਵਾਇਤ ਨੂੰ ਜਾਰੀ ਰੱਖਦਿਆਂ ਇਸ ਵਾਰ ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਣਾ ਹੈ।’ ’ -ਪੀਟੀਆਈ