ਮੈਡਰਿਡ, 23 ਅਪਰੈਲ
ਪਿਛਲੇ ਵਰ੍ਹੇ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਸਪੇਨ ਦੀ ਫੁਟਬਾਲ ਟੀਮ ਨੂੰ ਸੋਮਵਾਰ ਨੂੰ ਲੌਰੀਅਸ ਵਿਸ਼ਵ ਖੇਡ ਐਵਾਰਡਾਂ ’ਚ ਦੋ ਹੋਰ ਐਵਾਰਡ ਮਿਲੇ। ਸਪੇਨ ਦੀ ਮਹਿਲਾ ਫੁਟਬਾਲ ਟੀਮ ਨੂੰ 2023 ਲਈ ਦੁਨੀਆ ਦੀ ‘ਸਾਲ ਦੀ ਸਰਵੋਤਮ ਟੀਮ’ ਚੁਣਿਆ ਗਿਆ ਜਦਕਿ ਮਿਡਫੀਲਡਰ ਏਤਾਨਾ ਬੋਨਮਾਤੀ ਨੂੰ ‘ਸਰਵੋਤਮ ਮਹਿਲਾ ਖਿਡਾਰੀ’ ਦਾ ਐਵਾਰਡ ਮਿਲਿਆ। ਮੈਡਰਿਡ ’ਚ ਸਮਾਗਮ ਦੌਰਾਨ ਸਰਬੀਆ ਦੇ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੂੰ ‘ਸਾਲ ਦੇ ਸਰਵੋਤਮ ਖਿਡਾਰੀ’ ਤੇ ਅਮਰੀਕਾ ਦੇ ਜਿਮਨਾਸਟ ਸਿਮੋਨ ਬਾਇਲਸ ਨੂੰ ਵਾਪਸੀ ਕਰਨ ਵਾਲੀ ਸਰਵੋਤਮ ਖਿਡਾਰਨ ਦਾ ਪੁਰਸਕਾਰ ਦਿੱਤਾ ਗਿਆ। ਰੀਅਲ ਮੈਡਰਿਡ ਦੇ ਫਾਰਵਰਡ ਜਿਊਡ ਬੈਨਲਿੰਗਮ ਨੂੰ ‘ਬ੍ਰੇਕਥ੍ਰੂਅ ਐਵਾਰਡ’ ਮਿਲਿਆ ਜਦਕਿ ਦੁਨੀਆ ਸਾਬਕਾ ਨੰਬਰ ਇੱਕ ਖਿਡਾਰੀ ਰਾਫੇਲ ਨਡਾਲ ਨੂੰ ਉਸ ਦੀ ਫਾਊਂਡੇਸ਼ਨ ਸਦਕਾ ‘ਸਪੋਰਟ ਫਾਰ ਗੁੱਡ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਸਪੇਨ ਦੀ ਮਹਿਲਾ ਟੀਮ ਨੇ ਪਿਛਲੇ ਸਾਲ ਨਿਊਜ਼ੀਲੈਂਡ ਆਸਟਰੇਲੀਆ ’ਚ ਖੇਡਿਆ ਗਿਆ ਵਿਸ਼ਵ ਕੱਪ ਜਿੱਤਿਆ ਸੀ। ਲੌਰੀਅਸ ਨੇ ਸਪੇਨ ਦੀ ਟੀਮ ਨੂੰ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਟੀਮ ਵਜੋਂ ਨਿਵਾਜਿਆ ਹੈ। ਟੈਨਿਸ ਖਿਡਾਰੀ ਜੋਕੋਵਿਚ ਨੇ 24 ਗਰੈਂਡ ਸਲੈਮ ਜਿੱਤਣ ਦਾ ਰਿਕਾਰਡ ਆਪਣੇ ਨਾਂ ਕੀਤਾ। ਉਸ ਨੇ ਰੋਜਰ ਫੈਡਰਰ ਦੇ ਰਿਕਾਰਡ ਦੀ ਬਰਾਬਰੀ ਕਰਦਿਆਂ ਪੰਜਵੀਂ ਵਾਰ ਲੌਰੀਅਸ ਐਵਾਰਡ ਜਿੱਤਿਆ। ਲੌਰੀਅਸ ਮੁਤਾਬਕ ਨਡਾਲ ਦੀ ਫਾਊਂਡੇਸ਼ਨ ਨੂੰ ਸਪੇਨ ਤੇ ਭਾਰਤ ਵਿੱਚ ‘‘1000 ਤੋਂ ਵੱਧ ਕਮਜ਼ੋਰ ਨੌਜਵਾਨਾਂ’ ਦੀ ਮਦਦ ਲਈ ਐਵਾਰਡ ਦਿੱਤਾ ਗਿਆ ਹੈ। -ਏਪੀ