ਸਿਲਹਟ, 5 ਮਈ
ਲੜੀ ਪਹਿਲਾਂ ਹੀ ਆਪਣੇ ਨਾਮ ਕਰ ਚੁੱਕੀ ਭਾਰਤੀ ਮਹਿਲਾ ਕ੍ਰਿਕਟ ਟੀਮ ਬੰਗਲਾਦੇਸ਼ ਖ਼ਿਲਾਫ਼ ਸੋਮਵਾਰ ਨੂੰ ਇਥੇ ਹੋਣ ਵਾਲੇ ਚੌਥੇ ਟੀ-20 ਮੈਚ ’ਚ ਬੱਲੇਬਾਜ਼ੀ ਸਮੇਤ ਆਪਣੀਆਂ ਹੋਰ ਕਮੀਆਂ ਦੇ ਹੱਲ ਲੱਭਣ ਦੀਆਂ ਕੋਸ਼ਿਸ਼ਾਂ ਕਰੇਗੀ। ਭਾਰਤ ਨੇ ਪੰਜ ਮੈਂਚਾਂ ਦੀ ਲੜੀ ’ਚ 3-0 ਦੀ ਲੀਡ ਲੈ ਲਈ ਹੈ ਪਰ ਇਸ ਨਤੀਜੇ ਨਾਲ ਭਾਰਤ ਦੀ ਬੱਲੇਬਾਜ਼ੀ ਦੀਆਂ ਕਮੀਆਂ ਜ਼ਾਹਿਰ ਨਹੀਂ ਹੁੰਦੀਆਂ। ਇਨ੍ਹਾਂ ਤਿੰਨ ਮੈਚਾਂ ’ਚ ਭਾਰਤ ਵੱਲੋਂ ਸਿਰਫ਼ ਇਕ ਨੀਮ ਸੈਂਕੜਾ ਲੱਗਿਆ ਜਦੋਂ ਸ਼ੈਫਾਲੀ ਨੇ ਤੀਜੇ ਮੈਚ ’ਚ 51 ਦੌੜਾਂ ਬਣਾਈਆਂ ਸਨ।
ਸਮ੍ਰਿਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਕੌਰ ਜਿਹੀਆਂ ਬੱਲੇਬਾਜ਼ ਵੀ ਵੱਡੀ ਪਾਰੀਆਂ ਖੇਡਣ ਲਈ ਬੇਤਾਬ ਹੋਣਗੀਆਂ। ਸ਼ੈਫਾਲੀ ਲੜੀ ’ਚ 82 ਦੌੜਾਂ ਬਣਾ ਕੇ ਭਾਰਤ ਦੀ ਸਭ ਤੋਂ ਸਫ਼ਲ ਬੱਲੇਬਾਜ਼ ਹੈ।
ਭਾਰਤ ਨੂੰ ਆਪਣੇ ਪ੍ਰਦਰਸ਼ਨ ’ਚ ਸੁਧਾਰ ਕਰਨਾ ਹੋਵੇਗਾ ਕਿਉਂਕਿ ਉਸ ਨੇ ਅਗਲੇ ਮਹੀਨੇ ਦੱਖਣੀ ਅਫ਼ਰੀਕਾ ਦੀ ਮਜ਼ਬੂਤ ਟੀਮ ਖ਼ਿਲਾਫ਼ ਮੁਕਾਬਲੇ ਖੇਡਣੇ ਹਨ। ਇਸ ਦੇ ਨਾਲ ਹੀ ਪੂਰੀ ਸੰਭਾਵਨਾ ਹੈ ਕਿ ਇਸ ਲੜੀ ’ਚ ਖੇਡ ਰਹੀਆਂ ਜ਼ਿਆਦਾਤਰ ਬੱਲੇਬਾਜ਼ਾਂ ਨੂੰ ਅਕਤੂਬਰ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਭਾਰਤੀ ਟੀਮ ’ਚ ਵੀ ਥਾਂ ਮਿਲੇਗੀ।
ਟੀ-20 ਵਿਸ਼ਵ ਕੱਪ ਬੰਗਲਾਦੇਸ਼ ’ਚ ਹੀ ਹੋਣਾ ਹੈ ਅਤੇ ਹਾਲਾਤ ਤੇ ਪਿਚਾਂ ਨੂੰ ਦੇਖਦਿਆਂ ਮੌਜੂਦਾ ਦੌਰਾ ਭਾਰਤ ਲਈ ਕਾਫ਼ੀ ਅਹਿਮ ਹੈ।
ਭਾਰਤੀ ਗੇਂਦਬਾਜ਼ਾਂ ਨੇ ਹਾਲਾਂਕਿ ਇਥੋਂ ਦੀ ਧੀਮੀ ਪਿਚ ਨਾਲ ਕਾਫ਼ੀ ਵਧੀਆ ਤਾਲਮੇਲ ਬਣਾਇਆ ਹੈ। ਖੱਬੂ ਸਪਿੰਨਰ ਰਾਧਾ ਯਾਦਵ ਛੇ ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਹੈ। -ਪੀਟੀਆਈ