ਦੁਬਈ, 24 ਨਵੰਬਰ
ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਅੱਜ ਵਿਰਾਟ ਕੋਹਲੀ ਤੇ ਰਵੀਚੰਦਰਨ ਅਸ਼ਿਵਨ ਨੂੰ ਦਹਾਕੇ ਦੇ ਸਰਵੋਤਮ ਖਿਡਾਰੀਆਂ ਵਜੋਂ ਨਾਮਜ਼ਦ ਕੀਤਾ ਹੈ। ਭਾਰਤੀ ਕਪਤਾਨ ਕੋਹਲੀ ਨੇ ਪਿਛਲੇ ਦਸ ਸਾਲਾਂ ਵਿਚ ਬਿਹਤਰ ਖੇਡ ਦਿਖਾਈ ਹੈ ਤੇ ਭਾਰਤ ਨੂੰ ਵਿਸ਼ਵ ਦੀ ਮੋਹਰੀ ਟੀਮ ਵਜੋਂ ਸ਼ੁਮਾਰ ਕਰਵਾਇਆ ਹੈ ਜਿਸ ਕਾਰਨ ਉਸ ਨੂੰ ਸਾਰੇ ਪੰਜ ਵਰਗਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਸ਼ਿਵਨ ਨੂੰ ਵੀ ਵਧੀਆ ਗੇਂਦਬਾਜ਼ੀ ਲਈ ਨਾਮਜ਼ਦ ਕੀਤਾ ਗਿਆ ਹੈ। ਆਈਸੀਸੀ ਨੇ ਇਨ੍ਹਾਂ ਦੋਵਾਂ ਸਮੇਤ ਸੱਤ ਖਿਡਾਰੀਆਂ ਨੂੰ ਵਕਾਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ ਜਿਨ੍ਹਾਂ ਵਿਚ ਇੰਗਲੈਂਡ ਦਾ ਜੋਅ ਰੂਟ, ਨਿਊਜ਼ੀਲੈਂਡ ਦਾ ਕੇਨ ਵਿਲੀਅਮਸਨ, ਆਸਟਰੇਲੀਆ ਦਾ ਸਟੀਵ ਸਮਿੱਥ, ਦੱਖਣੀ ਅਫਰੀਕਾ ਦਾ ਏ ਬੀ ਡਿਵਿਲਿਅਰਜ਼ ਤੇ ਸ੍ਰੀਲੰਕਾ ਦਾ ਕੁਮਾਰ ਸੰਗਾਕਾਰਾ ਸ਼ਾਮਲ ਹੈ।
ਪੁਰਸ਼ਾਂ ਦੇ ਇਕ ਦਿਨਾ ਮੈਚਾਂ ਦੇ ਸਰਵੋਤਮ ਵਰਗ ਵਿਚ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਰੋਹਿਤ ਸ਼ਰਮਾ ਵੀ ਦਾਅਵੇਦਾਰ ਹਨ। ਇਸ ਵਰਗ ਲਈ ਸ੍ਰੀਲੰਕਾ ਦੇ ਲਸਿਤ ਮਲਿੰਗਾ, ਆਸਟਰੇਲੀਆ ਦੇ ਮਿਸ਼ੇਲ ਸਟਾਰਕ, ਏ ਬੀ ਡਿਵਿਲੀਅਰਜ਼ ਤੇ ਸੰਗਾਕਾਰਾ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਹਲੀ ਤੇ ਰੋਹਿਤ ਨੂੰ ਦਹਾਕੇ ਦੇ ਸਰਬੋਤਮ ਟੀ-20 ਪੁਰਸ਼ ਵਰਗ ਵਿਚ ਵੀ ਨਾਮਜ਼ਦ ਕੀਤਾ ਗਿਆ ਹੈ। ਇਸ ਵਰਗ ਦੇ ਪੁਰਸਕਾਰ ਦੇ ਦਾਅਵੇਦਾਰਾਂ ਵਿਚ ਅਫਗਾਨਿਸਤਾਨ ਦਾ ਰਾਸ਼ਿਦ ਖਾਨ, ਦੱਖਣੀ ਅਫਰੀਕਾ ਦਾ ਇਮਰਾਨ ਤਾਹਿਰ, ਆਸਟਰੇਲੀਆ ਦਾ ਐਰੋਨ ਫਿੰਚ, ਸ੍ਰੀਲੰਕਾ ਦਾ ਮਲਿੰਗਾ ਤੇ ਵੈਸਟ ਇੰਡੀਜ਼ ਦੇ ਕ੍ਰਿਸ ਗੇਲ ਨੂੰ ਨਾਮਜ਼ਦ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕ੍ਰਿਕਟ ਦੀ ਹਰ ਵੰਨਗੀ ਦੇ ਮੈਚਾਂ ਵਿਚ ਕੋਹਲੀ ਨੇ 50 ਤੋਂ ਜ਼ਿਆਦਾ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਤੇ ਉਹ 70 ਸੈਂਕੜੇ ਜੜ ਚੁੱਕਿਆ ਹੈ। ਉਸ ਤੋਂ ਅੱਗੇ ਰਿੱਕੀ ਪੌਂਟਿੰਗ ਨੇ 71 ਤੇ ਤੇਂਦੁਲਕਰ ਨੇ ਸੌ ਸੈਂਕੜੇ ਜੜੇ ਹਨ।