ਜਤਿੰਦਰ ਬੈਂਸ
ਗੁਰਦਾਸਪੁਰ, 13 ਅਗਸਤ
ਵੇਟ ਲਿਫਟਿੰਗ ਦੀ ਕੌਮੀ ਪੱਧਰ ਦੀ ਖਿਡਾਰਨ ਨਵਦੀਪ ਕੌਰ ਦੀ ਵਿੱਤੀ ਸਹਾਇਤਾ ਲਈ ਪ੍ਰਸ਼ਾਸਨ ਅੱਗੇ ਆਇਆ ਹੈ। ਖਿਡਾਰਨ ਨੂੰ ਅੱਜ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ ਵੱਲੋਂ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਅਤੇ ਐਲਾਨ ਕੀਤਾ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ‘ਗੋਲਡ ਕੋਨ’ ਨਾਲ ਸਨਮਾਨਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਨਵਦੀਪ ਕੌਰ ਜੂਨੀਅਰ ਰਾਸ਼ਟਰੀ ਖੇਡਾਂ, ਖੇਲੋ ਇੰਡੀਆ ਵਿਚ ਗੋਲਡ ਅਤੇ ਸਿਲਵਰ ਮੈਡਲ ਜਿੱਤ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਪ੍ਰਤਾਪਗੜ੍ਹ ਵਾਸੀ ਖਿਡਾਰਨ ਨਵਦੀਪ ਕੌਰ ਦੇ ਘਰ ਦੀ ਮਾਲੀ ਸਹਾਇਤਾ ਲਈ ਵਾਇਰਲ ਹੋਈ ਵੀਡੀਓ ਪ੍ਰਸ਼ਾਸਨ ਦੇ ਧਿਆਨ ਵਿੱਚ ਆਈ ਸੀ। ਉਨ੍ਹਾਂ ਦੱਸਿਆ ਕਿ ਨਵਦੀਪ ਕੌਰ ਦੇ ਘਰ ਦੀ ਛੱਤ ਦੀ ਮੁਰੰਮਤ ਵੀ ਕਰਵਾਈ ਜਾ ਰਹੀ ਹੈ ਅਤੇ ਉਸ ਦੇ ਪਿਤਾ ਦੀ ਮਹੀਨਾਵਾਰ 1500 ਰੁਪਏ ਪੈਨਸ਼ਨ ਵੀ ਅਗਲੇ ਸੋਮਵਾਰ ਤੋਂ ਲੱਗ ਜਾਵੇਗੀ। ਉਸ ਦੇ ਪਿਤਾ ਦਾ ਇਲਾਜ ਵੀ ਮੁਫ਼ਤ ਕਰਵਾਇਆ ਜਾਵੇਗਾ ਅਤੇ ਖੇਡ ਵਿਭਾਗ ਵਲੋਂ ਖਿਡਾਰਨ ਨੂੰ ਰੋਜ਼ਾਨਾ 100 ਰੁਪਏ ਡਾਈਟ ਲਈ ਦਿੱਤੇ ਜਾਣਗੇ। ਹੋਰ ਵਿੱਤੀ ਮਦਦ ਲਈ ਪੰਜਾਬ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਖਿਡਾਰਨ ਦੀ ਪੂਰੀ ਮਦਦ ਕਰੇਗਾ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਸਮਾਗਮ ਮੌਕੇ ਉਸ ਦਾ ਵਿਸ਼ੇਸ ਤੌਰ ’ਤੇ ਸਨਮਾਨ ਕੀਤਾ ਜਾਵੇਗਾ ਅਤੇ ‘ਗੋਲਡ ਕੋਨ’ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਹਫਤਾਵਾਰੀ ਅਚੀਵਰਜ਼ ਪ੍ਰੋਗਰਾਮ ਵਿਚ ਵੀ ਨਵਦੀਪ ਕੌਰ ਨੂੰ 14 ਅਗਸਤ ਨੂੰ ਵਿਸ਼ੇਸ ਤੌਰ ’ਤੇ ਸੱਦਾ ਕੇ ਸ਼ਾਮਲ ਕੀਤਾ ਜਾਵੇਗਾ।
ਵਾਇਰਲ ਹੋਈ ਵੀਡੀਓ ਨੇ ਪ੍ਰਸ਼ਾਸਨ ਦੀ ਜਾਗ ਖੋਲ੍ਹੀ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਪ੍ਰਤਾਪਗੜ੍ਹ ਵਾਸੀ ਖਿਡਾਰਨ ਨਵਦੀਪ ਕੌਰ ਦੇ ਘਰ ਦੀ ਮਾਲੀ ਸਹਾਇਤਾ ਲਈ ਵਾਇਰਲ ਹੋਈ ਵੀਡੀਓ ਪ੍ਰਸ਼ਾਸਨ ਦੇ ਧਿਆਨ ਵਿੱਚ ਆਈ ਸੀ।