ਕਰਾਚੀ, 18 ਨਵੰਬਰ
ਬਾਬਰ ਆਜ਼ਮ ਦੇ ਨਾਬਾਦ ਅਰਧ ਸੈਂਕੜੇ ਦੀ ਬਦੌਲਤ ਕਰਾਚੀ ਕਿੰਗਜ਼ ਨੇ ਪਾਕਿਸਤਾਨ ਸੁਪਰ ਲੀਗ (ਪੀਐੱਸਐੱਲ) ਦੇ ਫਾਈਨਲ ਮੈਚ ਵਿੱਚ ਲਾਹੌਰ ਕਲੰਦਰਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਇਸ ਟੀ-20 ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਬਾਬਰ ਨੇ 49 ਗੇਂਦਾਂ ਵਿੱਚ ਸੱਤ ਚੌਕਿਆਂ ਦੀ ਮਦਦ ਨਾਲ ਨਾਬਾਦ 63 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਕਰਾਚੀ ਦੀ ਟੀਮ ਨੇ 135 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਲਾਹੌਰ ਦੀ ਟੀਮ ਧੀਮੀ ਪਿੱਚ ਨੂੰ ਸਮਝਣ ’ਚ ਨਾਕਾਮ ਰਹੀ ਅਤੇ ਸੱਤ ਵਿਕਟਾਂ ’ਤੇ 134 ਦੌੜਾਂ ਹੀ ਬਣਾ ਸਕੀ। ਕਰੋਨਾਵਾਇਰਸ ਮਹਾਮਾਰੀ ਕਾਰਨ ਅੱਠ ਮਹੀਨਿਆਂ ਤੋਂ ਮੁਲਤਵੀ ਟੂਰਨਾਮੈਂਟ ਦਾ ਨਾਕਆਊਟ ਗੇੜ ਹੀ ਖੇਡਿਆ ਗਿਆ। ਬਾਬਰ 473 ਦੌੜਾਂ ਨਾਲ ਟੂਰਨਾਮੈਂਟ ਦਾ ਸਰਬੋਤਮ ਸਕੋਰਰ ਰਿਹਾ। ਬਾਬਰ ਨੇ ਚਾਡਵਿਕ ਵਾਲਟਨ (22) ਨਾਲ ਤੀਜੀ ਵਿਕਟ ਲਈ 50 ਗੇਂਦਾਂ ਵਿੱਚ 61 ਦੌੜਾਂ ਦੀ ਭਾਈਵਾਲੀ ਵੀ ਕੀਤੀ। ਇਸ ਤੋਂ ਪਹਿਲਾਂ ਲਾਹੌਰ ਦੇ ਬੱਲੇਬਾਜ਼ ਧੀਮੀ ਪਿੱਚ ’ਤੇ ਜੂਝਦੇ ਦਿਸੇ। ਤਮੀਮ ਇਕਬਾਲ (35) ਅਤੇ ਫਖ਼ਰ ਜ਼ਮਾਨ (27) ਨੇ ਪਹਿਲੀ ਵਿਕਟ ਡਿਗਣ ਤੱਕ 68 ਦੌੜਾਂ ਬਣਾਈਆਂ, ਪਰ ਦਸ ਤੋਂ ਵੱਧ ਓਵਰ ਖੇਡੇ। ਇਨ੍ਹਾਂ ਦੋਵਾਂ ਨੂੰ ਉਮੈਦ ਆਸਿਫ਼ ਨੇ ਆਊਟ ਕੀਤਾ। ਮੁਹੰਮਦ ਹਫੀਜ਼ ਵੀ ਦੋ ਦੌੜਾਂ ਬਣਾ ਕੇ ਪੈਵਿਲੀਅਨ ਪਰਤ ਗਿਆ। ਲਾਹੌਰ ਦੀ ਟੀਮ ਨੇ ਦੋ ਦੌੜਾਂ ਦੇ ਅੰਦਰ ਤਿੰਨ ਵਿਕਟਾਂ ਗੁਆ ਲਈਆਂ, ਜਿਸ ਤੋਂ ਟੀਮ ਉਭਰ ਨਹੀਂ ਸਕੀ। ਪਹਿਲੀ ਵਾਰ ਫਾਈਨਲ ਖੇਡ ਰਹੀ ਲਾਹੌਰ ਦੀ ਟੀਮ 52 ਗੇਂਦਾਂ ’ਤੇ ਕੋਈ ਸ਼ਾਟ ਨਹੀਂ ਮਾਰ ਸਕੀ। -ਏਪੀ