ਟੋਕੀਓ, 2 ਅਗਸਤ
ਭਾਰਤੀ ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਟੋਕੀਓ ਓਲੰਪਿਕ ਵਿੱਚ ਮੀਂਹ ਤੋਂ ਪ੍ਰਭਾਵਿਤ ਫਾਈਨਲ ਮੁਕਾਬਲੇ ਵਿੱਚ 63.70 ਮੀਟਰ ਦਾ ਸਰਵੋਤਮ ਥਰੋਅ ਸੁੱਟ ਕੇ 6ਵੇਂ ਸਥਾਨ ’ਤੇ ਰਹੀ। ਕਮਲਪ੍ਰੀਤ ਕੌਰ ਅੱਠ ਗੇੜ ਦੇ ਫਾਈਨਲ ਵਿੱਚ ਕਦੇ ਵੀ ਤਗ਼ਮੇ ਦੀ ਦੌੜ ਵਿੱਚ ਨਹੀਂ ਰਹੀ। ਮੀਂਹ ਕਾਰਨ ਮੁਕਾਬਲਾ ਇੱਕ ਘੰਟੇ ਤੱਕ ਪੱਛੜ ਗਿਆ। ਕਮਲਪ੍ਰੀਤ ਨੇ ਤੀਜੇ ਗੇੜ ਵਿੱਚ 63.70 ਮੀਟਰ ਦਾ ਥ੍ਰੋਅ ਸੁੱਟਿਆ ਅਤੇ ਛੇਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ-2020 ਦੀ ਸੋਨ ਤਗ਼ਮਾ ਜੇਤੂ ਕ੍ਰਿਸ਼ਨਾ ਪੂਨੀਆ ਵੀ ਲੰਡਨ ਓਲੰਪਿਕ-2012 ਵਿੱਚ ਛੇਵੇਂ ਸਥਾਨ ’ਤੇ ਰਹੀ ਸੀ।
ਅਮਰੀਕਾ ਦੀ ਵੈਲੇਰੀ ਆਲਮੈਨ ਨੇ 68.98 ਮੀਟਰ ਦਾ ਥਰੋਅ ਸੁੱਟ ਕੇ ਸੋਨ ਤਗ਼ਮਾ ਆਪਣੇ ਗਲ਼ ਪਾਇਆ। ਆਪਣੇ ਨਿੱਜੀ ਕੋਚ ਤੋਂ ਬਗ਼ੈਰ ਆਈ ਕਮਲਪ੍ਰੀਤ ਕੌਰ ਪੂਰੇ ਫਾਈਨਲ ਦੌਰਾਨ ਘਬਰਾਈ ਹੋਈ ਨਜ਼ਰ ਆਈ। ਹੁਣ ਤੱਕ ਉਹ ਇਕਲੌਤੇ ਕੌਮਾਂਤਰੀ ਟੂਰਨਾਮੈਂਟ ਵਿਸ਼ਵ ਯੂਨੀਵਰਸਿਟੀ ਖੇਡ-2017 ਵਿੱਚ ਹਿੱਸਾ ਲੈ ਸਕੀ ਹੈ ਅਤੇ ਉਸ ਵਿੱਚ ਵੀ ਆਤਮਵਿਸ਼ਵਾਸ ਦੀ ਘਾਟ ਨਜ਼ਰ ਆ ਰਹੀ ਸੀ। ਪੰਜਾਬ ਦੇ ਕਬਰਵਾਲਾ ਪਿੰਡ ਦੇ ਕਿਸਾਨ ਪਰਿਵਾਰ ਦੀ ਧੀ ਕਮਲਪ੍ਰੀਤ ਨੇ ਸ਼ਨਿੱਚਰਵਾਰ ਨੂੰ 64 ਮੀਟਰ ਦਾ ਥਰੋਅ ਸੁੱਟ ਕੇ ਤਗ਼ਮੇ ਦੀ ਉਮੀਦ ਜਗਾਈ ਸੀ। -ਪੀਟੀਆਈ
ਜਦੋਂ ਭਾਵੁਕ ਹੋਈ ਕਮਲਪ੍ਰੀਤ ਕੌਰ ਦੀ ਮਾਂ
ਮਲੋਟ (ਲਖਵਿੰਦਰ ਸਿੰਘ): ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਦੀ ਮਾਂ ਅੱਜ ਟੀਵੀ ’ਤੇ ਆਪਣੀ ਧੀ ਦੇ ਮੁਕਾਬਲੇ ਨੂੰ ਵੇਖ ਕੇ ਭਾਵੁਕ ਹੋ ਗਈ। ਕਮਲਪ੍ਰੀਤ ਸਖ਼ਤ ਮਿਹਨਤ ਦੇ ਬਾਵਜੂਦ ਤਗ਼ਮੇ ਦੇ ਨੇੜੇ ਪਹੁੰਚ ਕੇ ਵੀ ਉਸ ਨੂੰ ਪ੍ਰਾਪਤ ਨਹੀਂ ਕਰ ਸਕੀ। ਉਹ ਫਾਈਨਲ ਮੁਕਾਬਲੇ ਮਗਰੋਂ 63.70 ਮੀਟਰ ਦੇ ਆਪਣੇ ਬਿਹਤਰੀਨ ਸਕੋਰ ਨਾਲ 6ਵੇਂ ਸਥਾਨ ’ਤੇ ਰਹੀ। ਇਥੋਂ ਨੇੜਲੇ ਪਿੰਡ ਕਬਰਵਾਲਾ ਦੀ ਵਸਨੀਕ ਕਮਲਪ੍ਰੀਤ ਦੇ ਪਿੰਡ ਵਿੱਚ (ਟੀਵੀ ਉੱਤੇ) ਉਸ ਦਾ ਮੈਚ ਵੇਖਣ ਮੌਕੇ ਵਿਆਹ ਵਰਗਾ ਮਾਹੌਲ ਸੀ, ਪਰ ਕਮਲਪ੍ਰੀਤ ਦੇ ਤਗ਼ਮੇ ਦੀ ਦੌੜ ’ਚੋਂ ਬਾਹਰ ਹੋਣ ਮਗਰੋਂ ਮਾਹੌਲ ਗਮਗੀਨ ਹੋ ਗਿਆ।