ਪੱਤਰ ਪ੍ਰੇਰਕ
ਤਰਨ ਤਾਰਨ, 7 ਜੁਲਾਈ
ਸਰਹੱਦੀ ਖੇਤਰ ਦੇ ਪਿੰਡ ਅਮੀਸ਼ਾਹ ਵਿੱਚ ਬਣਾਈ ਸ਼ਹੀਦ ਜਸਵੰਤ ਸਿੰਘ ਕਲੱਬ ਵਿੱਚ ਨੌਜਵਾਨਾਂ ਦੇ ਕਸਰਤ ਕਰਨ ਲਈ ਜਿੰਮ ਦੇ ਸਮਾਨ ਨੂੰ ਲੈ ਕੇ ਚਲਦੇ ਤਕਰਾਰ ਦੌਰਾਨ ਬੀਤੀ ਸ਼ਾਮ ਗੋਲੀ ਚੱਲਣ ਕਰਕੇ ਕਬੱਡੀ ਖਿਡਾਰੀ ਨੌਜਵਾਨ ਬਲਜਿੰਦਰ ਸਿੰਘ ਕਾਕਾ ਗੰਭੀਰ ਜ਼ਖਮੀ ਹੋ ਗਿਆ| ਇਸ ਸਬੰਧੀ ਖਾਲੜਾ ਪੁਲੀਸ ਨੇ 14 ਦੇ ਕਰੀਬ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ|
ਕੇਸ ਦੇ ਜਾਂਚ ਅਧਿਕਾਰੀ ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਅਮੀਸ਼ਾਹ ਵਾਸੀ ਗੁਰਜੋਤ ਸਿੰਘ, ਗੁਰਮੁੱਖ ਸਿੰਘ, ਗੁਰਲਾਲ ਸਿੰਘ, ਉਸ ਦੇ ਪਿਤਾ ਦੇਸਾ ਸਿੰਘ, ਲਵਪ੍ਰੀਤ ਸਿੰਘ, ਉਸ ਦੇ ਪਿਤਾ ਸੁਖਚੈਨ ਸਿੰਘ ਤੇ ਸੁਰਸਿੰਘ ਦੇ ਵਾਸੀ ਕਰਮਜੀਤ ਸਿੰਘ ਸੱਤ ਜਣਿਆਂ ਦੀ ਪਛਾਣ ਕਰ ਲਈ ਗਈ ਹੈ ਪੁਲੀਸ ਅਧਿਕਾਰੀ ਨੇ ਜ਼ਖਮੀ ਹੋਏ ਨੌਜਵਾਨ ਬਲਜਿੰਦਰ ਸਿੰਘ ਦੇ ਪਿਤਾ ਮਹਿੰਦਰ ਸਿੰਘ ਵਲੋਂ ਦਰਜ ਕਰਵਾਏ ਬਿਆਨਾਂ ਦੇ ਹਵਾਲੇ ਨਾਲ ਦੱਸਿਆ ਕਿ ਉਸ ਦਾ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਲੜਕਾ ਬਲਜਿੰਦਰ ਸਿੰਘ ਸ਼ਾਮ ਨੂੰ ਕਲੱਬ ਵਿੱਚ ਹੋਰਨਾਂ ਨੌਜਵਾਨਾਂ ਨਾਲ ਕਸਰਤ ਕਰ ਰਿਹਾ ਸੀ ਕਿ ਮੁਲਜ਼ਮ ਵਲੋਂ ਕਲੱਬ ਦਾ ਸਾਮਾਨ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਤਕਰਾਰ ਵੱਧ ਗਿਆ| ਮੁਲਜ਼ਮਾਂ ਨੇ ਬਲਜਿੰਦਰ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ|
ਉਸ ਨੂੰ ਖਾਲੜਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਉਸ ਦੀ ਹਾਲਤ ਗੰਭੀਰ ਹੋਣ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ| ਬਲਜਿੰਦਰ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਜਿਸ ਕਰਕੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ|