ਟੋਕੀਓ ਓਲੰਪਿਕ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਜਿੱਤਣ ਵਾਲਾ ਇਰਾਨ ਦਾ ਜਾਵੇਦ ਫਾਰੂਕੀ (41) ਆਪਣੇ ਮੁਲਕ ਦਾ ਸਭ ਤੋਂ ਉਮਰਦਰਾਜ਼ ਮੈਡਲਿਸਟ ਹੈ। ਓਲੰਪਿਕ ਚੈਂਪੀਅਨ ਪੇਸ਼ੇ ਵਜੋਂ ਨਰਸ ਹੈ ਤੇ ਉਸ ਨੇ ਕਰੋਨਾ ਮਹਾਮਾਰੀ ਦਰਮਿਆਨ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਕਈ ਰਾਤਾਂ ਜਾਗ ਕੇ ਗੁਜ਼ਾਰੀਆਂ ਹਨ। ਫਾਰੂਕੀ ਨੂੰ ਖੁਦ ਇਕ ਵਾਰ ਕਰੋਨਾ ਦੀ ਲਾਗ ਚਿੰਬੜ ਚੁੱਕੀ ਹੈ। ਫਾਰੂਕੀ ਨੇ 244.8 ਅੰਕਾਂ ਨਾਲ ਨਾ ਸਿਰਫ ਸੋਨ ਤਗ਼ਮਾ ਇਰਾਨ ਦੀ ਝੋਲੀ ਪਾਇਆ ਬਲਕਿ 10 ਮੀਟਰ ਏਅਰ ਰਾਈਫਲ ਵਿਚ ਓਲੰਪਿਕ ਰਿਕਾਰਡ ਵੀ ਬਣਾਇਆ।
ਜਦੋਂ ਮਨਿਕਾ ਬੱਤਰਾ ਕੋਚ ਤੋਂ ਬਿਨਾਂ ਹੀ ਮੈਦਾਨ ’ਚ ਨਿੱਤਰੀ
ਭਾਰਤ ਦੀ ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਸ਼ਨਿਚਰਵਾਰ ਨੂੰ ਸਿੰਗਲਜ਼ ਗੇੜ ਦੇ ਆਪਣੇ ਪਹਿਲੇ ਮੈਚ ਦੌਰਾਨ ਕੌਮੀ ਕੋਚ ਸੌਮਿਆਦੀਪ ਰੌਏ ਤੋਂ ਬਿਨਾਂ ਹੀ ਮੈਦਾਨ ’ਚ ਨਿੱਤਰੀ। ਉਸ ਨੇ ਰੌਏ ਦੀ ਸਲਾਹ ਲੈਣ ਤੋਂ ਨਾਂਹ ਕਰ ਦਿੱਤੀ ਸੀ। ਵਜ੍ਹਾ ਸੀ ਕਿ ਉਸ ਦੇ ਨਿੱਜੀ ਕੋਚ ਸਨਮਯੇ ਪਰਾਂਜਪੇ ਨੂੰ ਕੋਰਟ ਉੱਤੇ ਆਉਣ ਦੀ ਪ੍ਰਵਾਨਗੀ ਨਹੀਂ ਮਿਲੀ। ਵਿਸ਼ਵ ਦਰਜਾਬੰਦੀ ਵਿੱਚ 62ਵੇਂ ਸਥਾਨ ਉੱਤੇ ਕਾਬਜ਼ ਮਨਿਕਾ ਨੇ ਬਰਤਾਨਵੀ ਖਿਡਾਰਨ ਟਿਨ-ਟਿਨ ਹੋ ਤੋਂ ਇਹ ਮੁਕਾਬਲਾ 4-0 ਨਾਲ ਜਿੱਤਿਆ, ਪਰ ਮੈਚ ਦੌਰਾਨ ਇਕ ਕੋਨੇ ਵਿਚ ਕੋਚ ਦੀ ਕੁਰਸੀ ਖਾਲੀ ਪਈ ਰਹੀ। ਕਾਬਿਲੇਗੌਰ ਹੈ ਕਿ ਮਨਿਕਾ ਨੇ ਨਿੱਜੀ ਕੋਚ ਨੂੰ ਉਸ ਦੇ ਨਾਲ ਟੋਕੀਓ ਜਾਣ ਲਈ ਵਿਵਾਦਿਤ ਢੰਗ ਨਾਲ ਸ਼ਰਤਾਂ ਤਹਿਤ ਹਰੀ ਝੰਡੀ ਦਿੱਤੀ ਗਈ ਹੈ। ਸ਼ਰਤ ਇਹ ਸੀ ਕਿ ਪਰਾਂਜਪੇ ਨੂੰ ਖੇਡ ਪਿੰਡ ਵਿੱਚ ਕੌਮੀ ਟੀਮ ਨਾਲ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ। ਲਿਹਾਜ਼ਾ ਪਰਾਂਜਪੇ ਹੋਟਲ ਵਿੱਚ ਰੁਕਿਆ ਤੇ ਉਸ ਨੂੰ ਅਭਿਆਸ ਸੈਸ਼ਨ ਦੌਰਾਨ ਹੀ ਮਨਿਕਾ ਬੱਤਰਾ ਤੱਕ ਰਸਾਈ ਦੀ ਖੁੱਲ੍ਹ ਹੈ। ਮਨਿਕਾ ਨੇ ਪਰਾਂਜਪੇ ਦੀ ਐਕਰੀਡੀਸ਼ਨ ਅਪਗ੍ਰੇਡ ਕੀਤੇ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਭਾਰਤੀ ਖੇਡ ਦਲ ਦੇ ਪ੍ਰਬੰਧਕਾਂ ਨੇ ਖਾਰਜ ਕਰ ਦਿੱਤਾ।