ਆਬੂਧਾਬੀ: ਇਸ ਵਰ੍ਹੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਪਹਿਲੇ ਗੇੜ ਵਿਚ ਆਪਣੇ ਹਰਫ਼ਨਮੌਲਾ ਪ੍ਰਦਰਸ਼ਨ ਦੇ ਦਮ ਉਤੇ ਸੱਤ ਵਿਚੋਂ ਪੰਜ ਮੈਚ ਜਿੱਤਣ ਵਾਲਾ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਆਪਣੀ ਉਸੇ ਲੈਅ ਨੂੰ ਬਰਕਰਾਰ ਰੱਖਣ ਜਦਕਿ ਦੋ ਵਾਰ ਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨਵੇਂ ਸਿਰੇ ਤੋਂ ਸ਼ੁਰੂਆਤ ਕਰ ਕੇ ਕਿਸਮਤ ਬਦਲਣ ਦੇ ਮੰਤਵ ਨਾਲ ਭਲਕੇ ਇਕ-ਦੂਜੇ ਦਾ ਸਾਹਮਣਾ ਕਰਨਗੇ। ਵਿਰਾਟ ਕੋਹਲੀ ਦੀ ਅਗਵਾਈ ਵਾਲੀ ਟੀਮ ਆਰਸੀਬੀ ਅੱਠ ਟੀਮਾਂ ਦੇ ਟੇਬਲ ਵਿਚ 10 ਅੰਕ ਲੈ ਕੇ ਤੀਜੇ ਸਥਾਨ ਉਤੇ ਹੈ ਜਦਕਿ 2012 ਤੇ 2014 ਦੀ ਚੈਂਪੀਅਨ ਕੇਕੇਆਰ ਨੇ ਪਹਿਲੇ ਗੇੜ ਵਿਚ ਸੱਤ ਮੈਚਾਂ ਵਿਚੋਂ ਕੇਵਲ ਦੋ ਵਿਚ ਜਿੱਤ ਦਰਜ ਕੀਤੀ ਤੇ ਉਹ ਚਾਰ ਅੰਕਾਂ ਨਾਲ ਸੱਤਵੇਂ ਸਥਾਨ ਉਤੇ ਹੈ। ਕੇਕੇਆਰ 2014 ਵਾਂਗ ਕਿਸਮਤ ਬਦਲਣ ਦੀ ਉਮੀਦ ਕਰ ਰਹੀ ਹੈ ਜਦ ਉਸ ਨੇ ਲਗਾਤਾਰ ਨੌਂ ਮੈਚ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਟੀਮ ਦੇ ਮੁੱਖ ਮਾਰਗਦਰਸ਼ਕ ਡੇਵਿਡ ਹਸੀ ਨੂੰ ਉਮੀਦ ਹੈ ਕਿ ਟੀਮ ਚੰਗੇ ਨਤੀਜੇ ਹਾਸਲ ਕਰਨ ਵਿਚ ਸਫ਼ਲ ਰਹੇਗੀ। ਕੇਕੇਆਰ ਦੀ ਰਾਹ ਹਾਲਾਂਕਿ ਆਸਾਨ ਨਹੀਂ ਹੋਵੇਗੀ ਕਿਉਂਕਿ ਉਸ ਦਾ ਸਾਹਮਣਾ ਮਜ਼ਬੂਤ ਆਰਸੀਬੀ ਦੇ ਨਾਲ ਹੈ ਜਿਸ ਦੇ ਕਪਤਾਨ ਕੋਹਲੀ ਅਗਲੇ ਮਹੀਨੇ ਵਿਸ਼ਵ ਕੱਪ ਤੋਂ ਬਾਅਦ ਟੀ20 ਕੌਮਾਂਤਰੀ ਦੀ ਕਪਤਾਨੀ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਵੱਡੀਆਂ ਪਾਰੀਆਂ ਖੇਡਣ ਲਈ ਬੇਤਾਬ ਹੋਣਗੇ। -ਪੀਟੀਆਈ