ਦੁਬਈ, 20 ਸਤੰਬਰ
ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਆਈਪੀਐਲ ਦੇ ਮੈਚ ਵਿਚ ਭਲਕੇ ਇਕ-ਦੂਜੇ ਦਾ ਮੁਕਾਬਲਾ ਕਰਨਗੇ। ਇਸ ਮੁਕਾਬਲੇ ਵਿਚ ਲਿਆਮ ਲਿਵਿੰਗਸਟੋਨ ਤੇ ਐਵਿਨ ਲੁਇਸ ਦੀ ਹਮਲਾਵਰ ਬੱਲੇਬਾਜ਼ੀ ਤੇ ਕ੍ਰਿਸ ਗੇਲ ਦੀ ਤਾਕਤ ਅਤੇ ਕੇਐਲ ਰਾਹੁਲ ਦਾ ਹੁਨਰ ਦੇਖਣ ਨੂੰ ਮਿਲ ਸਕਦਾ ਹੈ। ਦੋਵੇਂ ਟੀਮਾਂ ਹਾਲੇ ਤੱਕ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀਆਂ ਹਨ। ਖਾਸ ਕਰ ਕੇ ਪੰਜਾਬ ਇਕੱਲੀ ਅਜਿਹੀ ਟੀਮ ਹੈ ਜੋ ਪਿਛਲੇ 14 ਸੈਸ਼ਨਾਂ ਵਿਚ ਸਥਿਰ ਨਹੀਂ ਰਹੀ ਹੈ ਕਿਉਂਕਿ ਕਪਤਾਨ ਤੇ ਕੋਚ ਵਾਰ-ਵਾਰ ਬਦਲ ਜਾਂਦੇ ਹਨ। ਆਈਪੀਐਲ ਦੇ ਬਿਹਤਰੀਨ ਬੱਲੇਬਾਜ਼ਾਂ ਵਿਚੋਂ ਇਕ ਕਪਤਾਨ ਕੇਐਲ ਰਾਹੁਲ ਨੂੰ ਇੱਥੇ ਬੱਲੇਬਾਜ਼ੀ ਦੇ ਹੀ ਨਹੀਂ ਬਲਕਿ ਕੋਚ ਅਨਿਲ ਕੁੰਬਲੇ ਦੇ ਮਾਰਗਦਰਸ਼ਨ ਵਿਚ ਕਪਤਾਨੀ ਦੇ ਜੌਹਰ ਵੀ ਦਿਖਾਉਣੇ ਪੈਣਗੇ। ਕੁੰਬਲੇ ਵੀ ਬਤੌਰ ਕੋਚ ਆਪਣੀ ਸਮਰੱਥਾ ਨੂੰ ਸਾਬਿਤ ਕਰਨਾ ਚਾਹੁਣਗੇ। ਮੈਚ ਵਿਚ ਸਿਖ਼ਰਲੇ ਬੱਲੇਬਾਜ਼ਾਂ ਉਤੇ ਬਹੁਤ ਕੁਝ ਨਿਰਭਰ ਰਹੇਗਾ। ਲਿਵਿੰਗਸਟੋਨ ਵੈਸਟ ਇੰਡੀਜ਼ ਦੇ ਲੁਇਸ ਨਾਲ ਪਾਰੀ ਦਾ ਆਗਾਜ਼ ਕਰ ਸਕਦੇ ਹਨ। ਗੇਂਦਬਾਜ਼ੀ ਵਿਚ ਮੁਹੰਮਦ ਸ਼ਮੀ ਦੇ ਨਾਲ ਕ੍ਰਿਸ ਜੌਰਡਨ ਜਾਂ ਨਾਥਨ ਐਲਿਸ ਹੋਣਗੇ। ਪੰਜਾਬ ਦੀ ਗੇਂਦਬਾਜ਼ੀ ਕਮਜ਼ੋਰ ਹੈ। ਸ਼ਮੀ ਨੂੰ ਛੱਡ ਕੇ ਕੋਈ ਜ਼ਿਆਦਾ ਤਜਰਬੇਕਾਰ ਨਹੀਂ ਹੈ। ਆਦਿਲ ਰਸ਼ੀਦ ਤੇ ਰਵੀ ਬਿਸ਼ਨੋਈ ਉਤੇ ਸਪਿੰਨ ਗੇਂਦਬਾਜ਼ੀ ਦਾ ਭਾਰ ਹੋਵੇਗਾ। ਮੈਚ ਭਲਕੇ ਸ਼ਾਮ ਨੂੰ 7.30 ਵਜੇ ਸ਼ੁਰੂ ਹੋਵੇਗਾ। -ਪੀਟੀਆਈ