ਟੋਕੀਓ, 25 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਸੋਮਵਾਰ ਨੂੰ ਆਪਣੇ ਦੂਜੇ ਮੈਚ ਵਿੱਚ ਜਰਮਨੀ ਖ਼ਿਲਾਫ਼ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ। ਪੂਲ-ਏ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਭਾਰਤੀ ਟੀਮ ਨੂੰ ਅੱਵਲ ਦਰਜਾ ਨੀਂਦਰਲੈਂਡ ਦੀ ਟੀਮ ਹੱਥੋਂ 5-1 ਗੋਲਾਂ ਦੀ ਕਰਾਰੀ ਸ਼ਿਕਸਤ ਮਿਲੀ ਸੀ। ਭਾਰਤੀ ਮਹਿਲਾਵਾਂ ਨੇ ਹਾਲਾਂਕਿ ਮੈਚ ਦੇ ਪਹਿਲੇ ਦੋ ਕੁਆਰਟਰਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤੀ ਟੀਮ ਹੁਣ ਭਲਕੇ ਵਿਸ਼ਵ ਦੀ ਤੀਜੇ ਨੰਬਰ ਦੀ ਟੀਮ ਜਰਮਨੀ ਖ਼ਿਲਾਫ਼ ਮੈਚ ਦੌਰਾਨ ਪੂਰਾ ਸਮਾਂ ਆਪਣੇ ਵਧੀਆ ਪ੍ਰਦਰਸ਼ਨ ਦੀ ਲਗਾਤਾਰਤਾ ਨੂੰ ਕਾਇਮ ਰੱਖਣਾ ਚਾਹੇਗੀ। ਟੀਮ ਦੇ ਮੁੱਖ ਕੋਚ ਸੋਰਡ ਮਾਰਿਨ ਨੇ ਕਿਹਾ, ‘ਕੌਮਾਂਤਰੀ ਹਾਕੀ ਮੈਚ ਵਿੱਚ ਪੂਰੇ 60 ਮਿੰਟ ਤੱਕ ਲੈਅ ਬਰਕਰਾਰ ਰੱਖਣਾ ਮਾਇਨੇ ਰੱਖਦਾ ਹੈ। ਅਸੀਂ ਇਕੱਠੇ ਬੈਠ ਕੇ ਨੀਦਰਲੈਂਡ ਖ਼ਿਲਾਫ਼ ਮੈਚ ਵਿੱਚ ਆਪਣੀ ਖੇਡ ਨੂੰ ਗਹੁ ਨਾਲ ਦੇਖਿਆ ਅਤੇ ਉਨ੍ਹਾਂ ਚੀਜ਼ਾਂ ਬਾਰੇ ਗੱਲ ਕੀਤੀ ਜਿਨ੍ਹਾਂ ਵਿੱਚ ਸਾਨੂੰ ਸੁਧਾਰ ਦੀ ਲੋੜ ਹੈ। ਅਸੀਂ ਇਸ ਸਮੇਂ ਆਪਣਾ ਸਾਰਾ ਧਿਆਨ ਇਸੇ ’ਤੇ ਲਾਇਆ ਹੋਇਆ ਹੈ।’ ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਪਹਿਲੇ ਮੈਚ ਵਿੱਚ ਆਪਣੀਆਂ ਗਲਤੀਆਂ ਦੇਖੀਆਂ ਅਤੇ ਅਸੀਂ ਉਨ੍ਹਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਸਕਾਰਾਤਮਕ ਰਹਿਣਾ ਪਵੇਗਾ।’’ -ਪੀਟੀਆਈ
ਆਸਟਰੇਲੀਆ ਨੇ ਭਾਰਤ ਨੂੰ 7-1 ਨਾਲ ਹਰਾਇਆ
ਟੋਕੀਓ: ਨਿਊੁਜ਼ੀਲੈਂਡ ਖ਼ਿਲਾਫ਼ ਜਿੱਤ ਨਾਲ ਆਗਾਜ਼ ਕਰਨ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੂੰ ਆਸਟਰੇਲੀਆ ਖਿਲਾਫ਼ ਗਰੁੱਪ ਏ ਦੇ ਆਪਣੇ ਦੂਜੇ ਮੈਚ ਵਿੱਚ ਆਸਟਰੇਲੀਆ ਹੱਥੋਂ 7-1 ਦੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤੀ ਟੀਮ ਦੇ ਬੇਜਾਨ ਹਮਲੇ ਅਤੇ ਕਮਜ਼ੋਰ ਡਿਫ਼ੈਂਸ ਹਾਰ ਦਾ ਕਾਰਨ ਬਣੇ। ਭਾਰਤੀ ਖਿਡਾਰੀਆਂ ਨੇ ਨਿਊਜ਼ੀਲੈਂਡ ਖ਼ਿਲਾਫ਼ ਮੈਚ ਦੌਰਾਨ ਪੈਨਲਟੀ ਕਾਰਨਰ ’ਚ ਸੁਧਾਰ ਦੇ ਸੰਕੇਤ ਦਿੱਤੇ ਸਨ, ਪਰ ਭਾਰਤੀ ਡਰੈਗ ਫਲਿੱਕਰ ਆਸਟਰੇਲੀਆ ਖ਼ਿਲਾਫ਼ ਮੈਚ ਦੌਰਾਨ ਉਸ ਪ੍ਰਦਰਸ਼ਨ ਨੂੰ ਦੁਹਰਾਉਣ ਵਿੱਚ ਨਾਕਾਮ ਰਹੇ। ਆਸਟਰੇਲੀਆ ਨੇ ਪਹਿਲੇ ਅੱਧ ਵਿੱਚ 4 ਗੋਲਾਂ ਦੀ ਲੀਡ ਲੈ ਕੇ ਆਪਣੀ ਜਿੱਤ ਯਕੀਨੀ ਬਣਾ ਲਈ ਸੀ। ਆਸਟਰੇਲੀਆ ਵੱਲੋਂ ਬਲੈਕ ਗੋਵਰਸ ਨੇ ਦੋ, ਜਦਕਿ ਡੇਨੀਅਲ ਬੀਲ, ਜੈਰੇਮੀ ਹੈਵਰਡ, ਐਂਡਰਿਊ ਫਲਿਨ ਓਗਲਿਵੀ, ਜੋਸ਼ੁਆ ਬੈਲਟਜ਼ ਅਤੇ ਟਿਮ ਬਰਾਂਡ ਨੇ ਇੱਕ ਇੱਕ ਗੋਲ ਕੀਤਾ। ਭਾਰਤ ਵੱਲੋਂ ਇਕਲੌਤਾ ਗੋਲ ਦਿਲਪ੍ਰੀਤ ਸਿੰਘ ਦੀ ਹਾਕੀ ਤੋਂ 34ਵੇਂ ਮਿੰਟ ’ਚ ਆਇਆ। ਮੈਚ ਦੌਰਾਨ ਭਾਰਤੀ ਖਿਡਾਰੀਆਂ ਵਿੱਚ ਤਾਲਮੇਲ ਦੀ ਵੱਡੀ ਘਾਟ ਨਜ਼ਰ ਆਈ। ਟੀਮ ਹੁਣ 27 ਜੁਲਾਈ ਨੂੰ ਸਪੇਨ ਖਿਲਾਫ਼ ਮੈਚ ਖੇਡੇਗੀ।