ਨਵੀਂ ਦਿੱਲੀ, 8 ਅਗਸਤ
ਭਾਰਤ ਨੇ ਵੇੇਟਲਿਫਟਰ ਮੀਰਾਬਾਈ ਚਾਨੂ ਦੇ ਚਾਂਦੀ ਦੇ ਤਗ਼ਮੇ ਨਾਲ ਟੋਕੀਓ ਓਲੰਪਿਕ ਵਿੱਚ ਸ਼ਾਨਦਾਰ ਆਗਾਜ਼ ਕੀਤਾ ਸੀ। ਫਿਰ ਵਿਚ ਵਿਚਾਲੇ ਕੁਝ ਕਾਂਸੀ ਦੇ ਤਗ਼ਮੇ ਮਿਲਦੇ ਰਹੇ, ਪਰ ਦੇਸ਼ ਦੀ ਮੁਹਿੰਮ ਦਾ ਅੰਤ ਨੀਰਜ ਚੋਪੜਾ ਦੇ ਸੋਨ ਤਗ਼ਮੇ ਦੇ ਧੂਮ-ਧੜੱਕੇ ਨਾਲ ਹੋਇਆ। ਟਰੈਕ ਤੇੇ ਫੀਲਡ ਮੁਕਾਬਲੇ ਵਿੱਚ ਭਾਰਤ ਨੂੰ ਇਕ ਸਦੀ ਮਗਰੋਂ ਪਹਿਲਾ ਤਗ਼ਮਾ ਮਿਲਿਆ, ਜੋ 13 ਸਾਲਾਂ ਬਾਅਦ ਦੂਜਾ ਵਿਅਕਤੀਗਤ ਸੋਨ ਤਗ਼ਮਾ ਵੀ ਸੀ। ਇਸ ਤੋਂ ਇਲਾਵਾ ਹਾਕੀ ਵਿੱਚ 41 ਸਾਲਾਂ ਤੋਂ ਚੱਲੀ ਆ ਰਹੀ ਤਗ਼ਮੇ ਦੀ ਉਡੀਕ ਵੀ ਖ਼ਤਮ ਹੋਈ। ਵੇਟਲਿਫਟਿੰਗ ਵਿੱਚ ਪਹਿਲਾ ਚਾਂਦੀ ਦਾ ਤਗ਼ਮਾ ਤੇ ਨੌਂ ਸਾਲਾਂ ਬਾਅਦ ਮੁੱਕੇਬਾਜ਼ੀ ਵਿੱਚ ਪਹਿਲਾ ਤਗ਼ਮਾ ਭਾਰਤ ਦੀ ਝੋਲੀ ਪਿਆ। ਬੈਡਮਿੰਟਨ ਵਿੱਚ ਪੀ.ਵੀ.ਸਿੰਧੂ ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣੀ। ਆਪਣਾ ਪਲੇਠਾ ਓਲੰਪਿਕ ਖੇਡ ਰਹੇ ਖਿਡਾਰੀਆਂ ਨੇ ਪੋਡੀਅਮ (ਜਿੱਥੇ ਖਿਡਾਰੀ ਖੁ਼ਦ ਆਪਣੇ ਗ਼ਲ ਵਿੱਚ ਤਗ਼ਮਾ ਪਾਉਂਦੇ ਹਨ) ਸਥਾਨ ਹਾਸਲ ਕੀਤੇ। ਭਾਰਤ ਨੂੰ ਪਹਿਲੀ ਵਾਰ ਇਕ ਓਲੰਪਿਕ ਵਿੱਚ ਸਭ ਤੋਂ ਵੱਧ ਤਗ਼ਮੇ ਮਿਲੇ। ਦੇਸ਼ ਲਈ ਇੰਨਾ ਕੁਝ ਇਕ ਹੀ ਓਲੰਪਿਕ ਦੌਰਾਨ ਹੋਇਆ।
ਟੋਕੀਓ ਓਲੰਪਿਕ ਨੂੰ ਉਦਘਾਟਨੀ ਸਮਾਗਮ ਤੋਂ ਪਹਿਲਾਂ ਹੀ ‘ਮੁਸ਼ਕਲਾਂ ਨਾਲ ਭਰੇ’ ਖੇਡ ਮੰਨਿਆ ਜਾ ਰਿਹਾ ਸੀ। ਕਰੋਨਾ ਮਹਾਮਾਰੀ ਕਰਕੇ ਲੱਗੇ ਲੌਕਡਾਊਨ ਦੇ ਚਲਦਿਆਂ ਖੇਡ ਮਹਾਕੁੰਭ ਨੂੰ ਇਕ ਸਾਲ ਲਈ ਮੁਲਤਵੀ ਕੀਤਾ ਗਿਆ, ਜਿਸ ਕਰਕੇ ਖਿਡਾਰੀਆਂ ਦਾ ਸਿਖਲਾਈ ਤੇ ਟ੍ਰੇਨਿੰਗ ਪ੍ਰੋਗਰਾਮ ਵਿਗੜ ਗਿਆ। ਓਲੰਪਿਕ ਖੇਡਾਂ ਦੇ ਪਹਿਲੇ ਹੀ ਦਿਨ ਮੀਰਾਬਾਈ ਚਾਨੂ ਨੇ ਚਾਂਦੀ ਜਿੱਤ ਕੇ ਤਗ਼ਮਾ ਸੂਚੀ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ, ਜੋ ਪਹਿਲਾਂ ਕਦੇ ਨਹੀਂ ਹੋਇਆ ਸੀ। ਮਨੀਪੁਰ ਦੀ 4 ਫੁੱਟ 11 ਇੰਚ ਦੀ ਵੇਟਲਿਫਟਰ ਨੇ ਕੁੱਲ 202 ਕਿਲੋ ਵਜ਼ਨ ਚੁੱਕ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਆਪਣੇ ਪ੍ਰਦਰਸ਼ਨ ਦੌਰਾਨ ਉਹ ਆਤਮਵਿਸ਼ਵਾਸ ਨਾਲ ਭਰੀ ਨਜ਼ਰ ਆਈ। ਟੋਕੀਓ ਖੇਡਾਂ ਦੌਰਾਨ ਸਭ ਤੋਂ ਵੱਧ ਨਿਰਾਸ਼ 15 ਮੈਂਬਰੀ ਮਜ਼ਬੂਤ ਨਿਸ਼ਾਨੇਬਾਜ਼ੀ ਦਸਤੇ ਨੇ ਕੀਤਾ। ਸਿਰਫ਼ ਸੌਰਭ ਚੌਧਰੀ ਨੇ ਹੀ ਫਾਈਨਲ ਵਿੱਚ ਥਾਂ ਬਣਾਈ, ਪਰ ਉਹ ਵੀ ਪੋਡੀਅਮ ਤੱਕ ਪੁੱਜਣ ਵਿੱਚ ਨਾਕਾਮ ਰਿਹਾ। ਚੌਧਰੀ ਦੀਆਂ ਤਿਆਰੀਆਂ ਨੂੰ ਲੈ ਕੇ ਕਾਫ਼ੀ ਸਵਾਲ ਉੱਠੇ। ਕਿਸੇ ਕੋਲ ਸਪਸ਼ਟ ਜਵਾਬ ਨਹੀਂ ਸੀ ਕਿ ਕੀ ਗ਼ਲਤ ਹੋਇਆ ਹੈ। ਇਸ ਮਗਰੋਂ ਗੁੱਟਬਾਜ਼ੀ, ਹਊਮੇ ਦੇ ਟਕਰਾਅ ਤੇ ਵੱਖਰੇਵਿਆਂ ਦੀਆਂ ਗੱਲਾਂ ਸਾਹਮਣੇ ਆਈਆਂ। ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਮੁਹਿੰਮ ਇਸ ਤੋਂ ਉਭਰਨ ਵਿੱਚ ਨਾਕਾਮ ਰਹੇਗੀ। ਫਿਰ ਸਿੰਧੂ ਨੇ ਕਾਂਸੀ ਦਾ ਤਗ਼ਮਾ ਜਿੱਤ ਕੇ ਚੀਜ਼ਾਂ ਨੂੰ ਮੁੜ ਲੀਹਾਂ ’ਤੇ ਲੈ ਆਂਦਾ। ਹੈਦਰਾਬਾਦੀ ਬੈਡਮਿੰਟਨ ਖਿਡਾਰਨ 2016 ਓਲੰਪਿਕ ਵਿੱਚ ਜਿੱਤੇ ਆਪਣੇ ਚਾਂਦੀ ਦੇ ਤਗ਼ਮੇ ਦਾ ਰੰਗ ਬਿਹਤਰ ਕਰਨਾ ਚਾਹੁੰਦੀ ਸੀ, ਪਰ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਉਹ ਦੋ ਓਲੰਪਿਕ ਤਗ਼ਮੇ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣ ਗਈ।
ਪੁਰਸ਼ ਤੇ ਮਹਿਲਾ ਹਾਕੀ ਟੀਮਾਂ ਨੇ ਸ਼ੁਰੂਆਤੀ ਝਟਕਿਆਂ ਦੇ ਬਾਵਜੂਦ ਟੱਕਰ ਦੇਣ ਦਾ ਜਜ਼ਬਾ ਵਿਖਾਇਆ। ਮਹਿਲਾ ਖਿਡਾਰਨਾਂ ਨੇ ਭਾਰਤੀ ਖੇਡ ਦਲ ਦੀ ਮੁਹਿੰਮ ਨੂੰ ਅੱਗੇ ਹੋ ਕੇ ਸੰਭਾਲਨਾ ਜਾਰੀ ਰੱਖਿਆ। ਮੁੱਕੇਬਾਜ਼ੀ ਦੇ ਰਿੰਗ ਵਿੱਚ ਅਸਾਮ ਦੀ 23 ਸਾਲਾ ਲਵਲੀਨਾ ਬੋਰਗੋਹੇਨ ਨੇ 4 ਅਗਸਤ ਨੂੰ ਕਾਂਸੀ ਦਾ ਤਗ਼ਮਾ ਜਿੱਤਿਆ। ਅਗਲੇ ਹੀ ਦਿਨ ਰਵੀ ਕੁਮਾਰ ਦਹੀਆ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਦੂਜਾ ਭਾਰਤੀ ਪਹਿਲਵਾਨ ਬਣਿਆ। ਇਸ ਤੋਂ ਕੁਝ ਘੰਟੇ ਪਹਿਲਾਂ ਕਾਂਸੀ ਦੇ ਤਗ਼ਮੇ ਨਾਲ ਪੁਰਸ਼ ਹਾਕੀ ਟੀਮ ਦੀ ਓਲੰਪਿਕ ਤਗ਼ਮਾ ਜਿੱਤਣ ਦੀ ਉਡੀਕ ਖ਼ਤਮ ਹੋਈ। ਮਨਪ੍ਰੀਤ ਤੇ ਉਸ ਦੀ ਟੀਮ ਨੇ ਜਰਮਨੀ ਖਿਲਾਫ਼ ਪਲੇਆਫ਼ ਮੁਕਾਬਲੇ ਵਿੱਚ ਵਾਪਸੀ ਕਰਦਿਆਂ ਅਜਿਹੀ ਪੀੜ੍ਹੀ ਲਈ ਦੇਸ਼ ਵਿੱਚ ਹਾਕੀ ਦੇ ਵਧਣ-ਫੁਲਣ ਦੇ ਬੀਜ ਬੋਅ ਦਿੱਤੇ, ਜਿਸ ਨੇ ਅੱਠ ਸੋਨ ਤਗ਼ਮੇ ਜਿੱਤਣ ਦੀ ਸਿਰਫ਼ ਦਾਸਤਾਨ ਹੀ ਸੁਣੀ ਸੀ। ਮਹਿਲਾ ਟੀਮ ਭਾਵੇਂ ਪਲੇਆਫ਼ ਵਿੱਚ ਗ੍ਰੇਟ ਬ੍ਰਿਟੇਨ ਤੋਂ ਰੋਮਾਂਚਕ ਮੁਕਾਬਲੇ ਵਿੱਚ ਹਾਰ ਗਈ, ਪਰ ਟੀਮ ਨੇ ਕਰੋੜਾਂ ਲੋਕਾਂ ਦੇ ਦਿਲ ਜਿੱਤੇ। ਸੋਨ ਤਗ਼ਮੇ ਦੇ ਪ੍ਰਬਲ ਦਾਅਵੇਦਾਰਾਂ ’ਚੋਂ ਇਕ ਬਜਰੰਗ ਪੂਨੀਆ ਸੈਮੀ ਫਾਈਨਲ ਦੀ ਨਿਰਾਸ਼ਾ ਮਗਰੋਂ ਕੁਸ਼ਤੀ ਦੇ ਮੈਟ ’ਤੇ ਕਾਂਸੀ ਜਿੱਤਣ ਵਿੱਚ ਸਫ਼ਲ ਰਿਹਾ। ਫਿਰ ‘ਚੌਥੇ ਸਥਾਨ’ ਦੇ ਫੇਰੇ ਨੇ ਵੀ ਕੁਝ ਖਿਡਾਰੀਆਂ ਦੀਆਂ ਉਮੀਦਾਂ ਨੂੰ ਤੋੜਿਆ ਜਿਸ ਵਿਚ ਗੋਲਫ਼ਰ ਆਦਿਤੀ ਅਸ਼ੋਕ ਵੀ ਸ਼ਾਮਲ ਸੀ। ਨੀਰਜ ਚੋਪੜਾ ਦੇ ਜੈਵਲਿਨ ਥਰੋਅ ’ਚ ਸੋਨ ਤਗ਼ਮੇ ਨੇ ਚਾਰ ਚੰਨ ਲਾ ਦਿੱਤੇ ਤੇ ਭਾਰਤ ਨੇ 13 ਸਾਲ ਬਾਅਦ ਸੋਨ ਤਗ਼ਮਾ ਤੇ ਅਥਲੈਟਿਕਸ ਵਿੱਚ ਪਹਿਲਾ ਤਗ਼ਮਾ ਹਾਸਲ ਕੀਤਾ। -ਪੀਟੀਆਈ