ਦੁਬਈ, 4 ਮਈ
ਭਾਰਤੀ ਟੀਮ ਨੇ ਘਰੇਲੂ ਮੈਦਾਨਾਂ ’ਚ ਲਗਾਤਾਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਕੇ 2021-22 ਸੈਸ਼ਨ ਦਾ ਅੰਤ ਦੁਨੀਆਂ ਦੀ ਨੰਬਰ ਇੱਕ ਟੀ-20 ਟੀਮ ਵਜੋਂ ਕੀਤਾ ਹੈ। ਪਰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਬੁੱਧਵਾਰ ਨੂੰ ਜਾਰੀ ਸਾਲਾਨਾ ਟੈਸਟ ਦਰਜਾਬੰਦੀ ਵਿੱਚ ਭਾਰਤ ਟੀਮ ਆਸਟਰੇਲੀਆ ਤੋਂ 9 ਅੰਕ ਪਛੜ ਗਈ ਹੈ। ਟੀ-20 ਦਰਜਾਬੰਦੀ ਵਿੱਚ ਭਾਰਤੀ ਟੀਮ ਪਹਿਲੇ ਸਥਾਨ ’ਤੇ ਬਣੀ ਹੋਈ ਹੈ। ਭਾਰਤ ਦੇ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਇੰਗਲੈਂਡ ਨਾਲੋਂ 5 ਅੰਕ ਵੱਧ ਹਨ। ਦੱਖਣੀ ਅਫਰੀਕਾ ਤੇ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ, ਜਿਹੜੀ ਹੁਣ ਛੇਵੇਂ ਸਥਾਨ ’ਤੇ ਹੈ। ਅਫ਼ਗਾਨਿਸਤਾਨ ਦੀ ਟੀਮ 10ਵੇਂ ਸਥਾਨ ’ਤੇ ਜਦਕਿ ਬੰਗਲਾਦੇਸ਼ ਤੇ ਸ੍ਰੀਲੰਕਾ ਉਸ ਤੋਂ ਅੱਗੇ ਹਨ। ਨਿਊਜ਼ਲੈਂਡ ਸਾਲਾਨਾ ਦਰਜਾਬੰਦੀ ਮਗਰੋਂ ਕੌਮਾਂਤਰੀ ਇੱਕ ਦਿਨਾ ਮੈਚਾਂ ਵਿੱਚ ਦੁਨੀਆਂ ਦੀ ਨੰਬਰ ਇੱਕ ਟੀਮ ਬਣੀ ਹੈ। ਆਈਸੀਸੀ ਵੱਲੋਂ ਜਾਰੀ ਟੈਸਟ ਦਰਜਾਬੰਦੀ ਮੁਤਾਬਕ ਆਸਟਰੇਲੀਆ ਪਹਿਲੇ, ਭਾਰਤ ਦੂਜੇ, ਨਿਊਜ਼ੀਲੈਂਡ ਤੀਜੇ, ਦੱਖਣੀ ਅਫਰੀਕਾ ਚੌਥੇ, ਪਾਕਿਸਤਾਨ ਪੰਜਵੇਂ ਸਥਾਨ ਹੈ। ਇੱਕ ਦਿਨਾ ਟੀਮ ਦਰਜਾਬੰਦੀ ਵਿੱਚ ਨਿਊਜ਼ੀਲੈਂਡ ਪਹਿਲੇ, ਇੰਗਲੈਂਡ ਦੂਜੇ, ਆਸਟਰੇਲੀਆ ਤੀਜੇ ਅਤੇ ਭਾਰਤ ਚੌਥੇ ਸਥਾਨ ਹੈ। -ਪੀਟੀਆਈ