ਨਵੀਂ ਦਿੱਲੀ: ਇੱਥੇ ਅਗਲੇ ਮਹੀਨੇ ਸ਼ੁਰੂ ਹੋਣ ਵਾਲਾ ਇੰਡੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਕਰੋਨਾ ਕਾਰਨ ਦਰਸ਼ਕਾਂ ਤੋਂ ਬਿਨਾਂ ਖੇਡਿਆ ਜਾਵੇਗਾ। 11 ਤੋਂ 16 ਮਈ ਤਕ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਓਲੰਪਿਕ ਚੈਂਪੀਅਨ ਕੈਰੋਲੀਨਾ ਮਾਰਿਨ ਅਤੇ ਦੁਨੀਆ ਦੇ ਅੱਵਲ ਦਰਜੇ ਦੇ ਖਿਡਾਰੀ ਕੈਂਤੋ ਮੋਮੋਤਾ ਸਮੇਤ 228 ਖਿਡਾਰੀ ਹਿੱਸਾ ਲੈਣਗੇ। ਚਾਰ ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲਾ ਇਹ ਟੂਰਨਾਮੈਂਟ ਟੋਕੀਓ ਓਲੰਪਿਕ ਦੇ ਆਖਰੀ ਕੁਆਲੀਫਿਕੇਸ਼ਨ ਟੂਰਨਾਮੈਂਟਾਂ ’ਚੋਂ ਇੱਕ ਹੈ। ਭਾਰਤੀ ਬੈਡਮਿੰਟਨ ਸੰਘ ਦੇ ਬੁਲਾਰੇ ਨੇ ਦੱਸਿਆ, ‘‘ਦੱਖਣੀ ਅਫਰੀਕਾ, ਬ੍ਰਾਜ਼ੀਲ, ਮੱਧ ਪੂਰਬ ਅਤੇ ਯੂਰਪੀ ਦੇਸ਼ਾਂ ’ਚੋਂ ਆਉਣ ਵਾਲੇ ਸਾਰੇ ਖਿਡਾਰੀ ਅਤੇ ਅਧਿਕਾਰੀ ਸੱਤ ਦਿਨ ਇਕਾਂਤਵਾਸ ਰਹਿਣਗੇ। ਉਨ੍ਹਾਂ ਨੂੰ ਤਿੰਨ ਮਈ ਤਕ ਦਿੱਲੀ ਪਹੁੰਚਣਾ ਪਵੇਗਾ। ਬਾਕੀ ਦੇਸ਼ਾਂ ਦੇ ਖਿਡਾਰੀ ਤੇ ਅਧਿਕਾਰੀ ਛੇ ਮਈ ਨੂੰ ਆ ਕੇ ਚਾਰ ਦਿਨ ਇਕਾਂਤਵਾਸ ਰਹਿ ਸਕਦੇ ਹਨ।’’ -ਪੀਟੀਆਈ