ਨਵੀਂ ਦਿੱਲੀ: ਭਾਰਤੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ, ਲਕਸ਼ੈ ਸੇਨ ਅਤੇ ਐੱਚਐੱਸ ਪ੍ਰਣਯ ਨੇ ਅੱਜ ਇੱਥੇ ਜਿੱਤ ਦਰਜ ਕਰ ਕੇ ਇੰਡੀਆ ਓਪਨ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ। ਚੈੱਕ ਗਣਰਾਜ ਦੀ ਖਿਡਾਰਨ ਟੈਰੇਜ਼ਾ ਸਵਾਬਿਕੋਵਾ ਸਿਹਤ ਸਮੱਸਿਆ ਕਾਰਨ ਮੈਚ ਦੇ ਵਿਚਾਲਿਓਂ ਹਟ ਗਈ। ਇਸ ਤਰ੍ਹਾਂ ਸਾਇਨਾ ਨੇਹਵਾਲ ਦੂਜੇ ਗੇੜ ਵਿੱਚ ਪਹੁੰਚ ਗਈ। ਟੈਰੇਜ਼ਾ ਮੈਚ ਵਿੱਚ 20-22, 0-1 ਨਾਲ ਪੱਛੜ ਰਹੀ ਸੀ। ਚੌਥਾ ਦਰਜਾ ਪ੍ਰਾਪਤ ਸਾਇਨਾ ਦਾ ਸਾਹਮਣਾ ਹੁਣ ਹਮਵਤਨ ਮਾਲਵਿਕਾ ਬਨਸੋੜ ਨਾਲ ਹੋਵੇਗਾ। ਪੁਰਸ਼ ਸਿੰਗਲਜ਼ ਵਿੱਚ ਪ੍ਰਣਯ ਨੇ ਸਪੇਨ ਦੇ ਪਾਬਲੋ ਅਬਿਆਨ ਨੂੰ 21-14, 21-7 ਨਾਲ ਹਰਾਇਆ। ਹੁਣ ਉਸ ਦੀ ਟੱਕਰ ਮਿਥੁਨ ਮੰਜੂਨਾਥ ਨਾਲ ਹੋਵੇਗੀ। ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਲਕਸ਼ੈ ਸੇਨ ਨੇ ਮਿਸਰ ਦੇ ਆਧਮ ਹਾਤਿਮ ਐਲਗਾਮਲ ਨੂੰ 21-15, 21-7 ਨਾਲ ਸ਼ਿਕਸਤ ਦਿੱਤੀ। ਅਸ਼ਿਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਦੀ ਜੋੜੀ ਵੀ ਦੂਸਰੇ ਗੇੜ ਵਿੱਚ ਪਹੁੰਚ ਗਈ ਹੈ। -ਪੀਟੀਆਈ