ਸਿਡਨੀ: ਰਵੀਚੰਦਨ ਅਸ਼ਿਵਨ ਤੇ ਹਨੂਮਾ ਵਿਹਾਰੀ ਦੀ ਅਜੇਤੂ ਜੋੜੀ ਨੇ ਅੱਜ ਭਾਰਤ ਤੇ ਆਸਟਰੇਲੀਆ ਵਿੱਚ ਇੱਥੇ ਖੇਡੇ ਤੀਜੇ ਟੈਸਟ ਮੈਚ ਨੂੰ ਬਰਾਬਰ ਕਰਾ ਕੇ ਆਸਟਰੇਲੀਆਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਦੋਵਾਂ ਦੇਸ਼ਾਂ ਵਿੱਚ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਹੁਣ ਬ੍ਰਿਸਬਨ ਵਿੱਚ 15 ਜਨਵਰੀ ਨੂੰ ਆਖਰੀ ਤੇ ਚੌਥਾ ਮੈਚ ਹੋਵੇਗਾ। ਕੱਲ੍ਹ ਦੇ ਸਕੋਰ ਦੋ ਵਿਕਟਾਂ ’ਤੇ 98 ਦੌੜਾਂ ਤੋਂ ਅੱਗੇ ਖੇਡਦਿਆਂ ਅੱਜ ਦੂਜੇ ਓਵਰ ਵਿੱਚ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਚਾਰ ਦੌੜਾਂ ਬਣਾ ਕੇ ਆਊਟ ਹੋ ਗਏ। ਫੇਰ ਹਨੂਮਾ ਵਿਹਾਰੀ ਦੀ ਥਾਂ ਭੇਜੇ ਰਿਸ਼ਭ ਪੰਤ ਨੇ ਮੈਚ ਦਾ ਰੁਖ਼ ਹੀ ਬਦਲ ਦਿੱਤਾ। ਉਸ ਨੇ ਚੇਤੇਸ਼ਵਰ ਪੁਜਾਰਾ ਨਾਲ 148 ਦੌੜਾਂ ਦੀ ਭਾਈਵਾਲੀ ਕੀਤੀ। ਇਸ ਵਿੱਚ ਰਿਸ਼ਭ ਪੰਤ ਦੀਆਂ 118 ਗੇਂਦਾਂ ’ਤੇ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 97 ਦੌੜਾਂ ਸ਼ਾਮਲ ਹਨ। ਦੋਵਾਂ ਦੇ ਆਊਟ ਹੋਣ ਮਗਰੋਂ ਭਾਰਤੀ ਬੱਲੇਬਾਜ਼ ਮੈਚ ਨੂੰ ਬਚਾਉਣ ਲਈ ਖੇਡਣ ਲਗ ਗਏ। ਭਾਰਤ ਨੂੰ ਜਿੱਤ ਲਈ 407 ਦੌੜਾਂ ਦੀ ਲੋੜ ਸੀ। ਉਸ ਨੇ ਅੱਜ ਪੰਜਵੇਂ ਤੇ ਅਖੀਰਲੇ ਦਿਨ ਖੇਡ ਸਮਾਪਤ ਹੋਣ ਤੱਕ ਪੰਜ ਵਿਕਟਾਂ ’ਤੇ 334 ਦੌੜਾਂ ਬਣਾ ਕੇ ਮੈਚ ਡਰਾਅ ਕਰਾ ਲਿਆ। ਵਿਹਾਰੀ ਤੇ ਅਸ਼ਿਵਨ ਨੇ 42 ਓਵਰਾਂ ਦਾ ਸਾਹਮਣਾ ਕਰਦੇ ਹੋਏ ਛੇਵੇਂ ਵਿਕਟ ਲਈ 62 ਦੌੜਾਂ ਜੋੜੀਆਂ । ਵਿਹਾਰੀ ਨੇ 23 ਅਤੇ ਅਸ਼ਿਵਨ ਨੇ 39 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਪੁਜਾਰਾ ਨੇ 205 ਗੇਂਦਾਂ ਵਿੱਚ 77 ਦੌੜਾਂ ਬਣਾਈਆਂ। ਜਦੋਂ ਮੈਚ ਦਾ ਇੱਕ ਓਵਰ ਰਹਿ ਗਿਆ ਤਾਂ ਦੋਵਾਂ ਟੀਮਾਂ ਦੀ ਬਰਾਬਰੀ ’ਤੇ ਸਹਿਮਤੀ ਹੋ ਗਈ। -ਪੀਟੀਆਈ