ਮੁੰਬਈ, 20 ਨਵੰਬਰ
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਦਾ ਮੰਨਣਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਹੋਣ ਵਾਲੇ ਮੁਕਾਬਲੇ ਦਾ ਫ਼ੈਸਲਾ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਤੇ ਨਿਰਭਰ ਹੋਵੇਗਾ ਕਿਉਂਕਿ ਦੋਵੇਂ ਟੀਮਾਂ ਵਿੱਚ ਦੁਨੀਆਂ ਦੇ ਕੁੱਝ ਸਰਵੋਤਮ ਗੇਂਦਬਾਜ਼ ਸ਼ਾਮਲ ਹਨ। ਜੇਕਰ ਭਾਰਤੀ ਟੀਮ ਵਿੱਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਵਰਗੇ ਗੇਂਦਬਾਜ਼ ਹਨ ਤਾਂ ਆਸਟਰੇਲਿਆਈ ਟੀਮ ਵਿੱਚ ਮਿਸ਼ੇਲ ਸਟਾਰਕ ਅਤੇ ਪੈਟ ਕਮਿੰਸ ਮੌਜੂਦ ਹਨ। ਭਾਰਤੀ ਕ੍ਰਿਕਟ ਟੀਮ ਪੂਰੀ ਲੜੀ ਲਈ ਆਸਟਰੇਲੀਆ ਵਿੱਚ ਹੈ, ਜਿਸ ਵਿੱਚ ਤਿੰਨ ਇੱਕ ਰੋਜ਼ਾ, ਤਿੰਨ ਟੀ-20 ਅਤੇ ਚਾਰ ਟੈਸਟ ਮੈਚ ਸ਼ਾਮਲ ਹਨ। ਦੌਰਾ 27 ਨਵੰਬਰ ਤੋਂ ਇੱਕ ਰੋਜ਼ਾ ਲੜੀ ਨਾਲ ਸ਼ੁਰੂ ਹੋਵੇਗਾ। ਵਿਸ਼ਵ ਕੱਪ-2011 ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਜ਼ਹੀਰ ਖ਼ਾਨ ਨੇ ਕਿਹਾ, ‘‘ਆਸਟਰੇਲਿਆਈ ਪਿੱਚਾਂ ’ਤੇ ਹਮੇਸ਼ਾ ਚੰਗਾ ਉਛਾਲ ਅਤੇ ਤੇਜ਼ੀ ਰਹਿੰਦੀ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਗੇਂਦਬਾਜ਼ ਹੀ ਇੱਕ ਰੋਜ਼ਾ, ਟੀ-20 ਅਤੇ ਟੈਸਟ ਲੜੀ ਦਾ ਫ਼ੈਸਲਾ ਕਰਨਗੇ।’’ -ਪੀਟੀਆਈ
ਰਾਹੁਲ ਵੀ ਚੰਗਾ ਖਿਡਾਰੀ: ਮੈਕਸਵੈੱਲ
ਮੁੰਬਈ: ਆਸਟਰੇਲਿਆਈ ਬੱਲੇਬਾਜ਼ ਗਲੈੱਨ ਮੈਕਸਵੈੱਲ ਦਾ ਮੰਨਣਾ ਹੈ ਕਿ ਟੈਸਟ ਲੜੀ ਵਿੱਚ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਉਸ ਦੀ ਟੀਮ ਲਈ ਚੰਗੀ ਗੱਲ ਹੈ ਪਰ ਨਾਲ ਹੀ ਉਨ੍ਹਾਂ ਸਵੀਕਾਰ ਕੀਤਾ ਕਿ ਉਸ ਦੀ ਥਾਂ ਨੂੰ ਭਰਨ ਲਈ ਲੋਕੇਸ਼ ਰਾਹੁਲ ਵੀ ਓਨਾ ਹੀ ਚੰਗਾ ਖਿਡਾਰੀ ਹੈ। ਰਾਹੁਲ ਇਸ ਲੜੀ ਵਿੱਚ ਉਪ ਕਪਤਾਨ ਹੋਵੇਗਾ ਕਿਉਂਕਿ ਰੈਗੂਲਰ ਉਪ ਕਪਤਾਨ ਰੋਹਿਤ ਇੰਡੀਅਨ ਪ੍ਰੀਮੀਅਰ ਲੀਗ ਦੌਰਾਨ ਲੱਗੀ ਸੱਟ ਦਾ ਇਲਾਜ ਕਰਵਾ ਰਿਹਾ ਹੈ। -ਪੀਟੀਆਈ
ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਦਾ ਦੇਹਾਂਤ
ਨਵੀਂ ਦਿੱਲੀ: ਆਸਟਰੇਲੀਆ ਦੌਰੇ ’ਤੇ ਚਾਰ ਰੋਜ਼ਾ ਟੈਸਟ ਲੜੀ ਲਈ ਭਾਰਤੀ ਕ੍ਰਿਕਟ ਟੀਮ ਨਾਲ ਗਏ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੇ ਪਿਤਾ ਮੁਹੰਮਦ ਗੌਸ ਦਾ ਦੇਹਾਂਤ ਹੋ ਗਿਆ। ਸ੍ਰੀ ਗੌਸ 53 ਸਾਲਾਂ ਦੇ ਸਨ ਅਤੇ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਸਿਰਾਜ ਦੀ ਆਈਪੀਐੱਲ ਟੀਮ ਰੌਇਲ ਚੈਲੰਜਰਜ਼ ਨੇ ਟਵੀਟ ਕਰਦਿਆਂ ਭਾਰਤੀ ਤੇਜ਼ ਗੇਂਦਬਾਜ਼ ਨਾਲ ਦੁੱਖ ਸਾਂਝਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਆਸਟਰੇਲੀਆ ਦੌਰੇ ’ਤੇ ਪਹੁੰਚਣ ਮਗਰੋਂ ਸਾਰੇ ਖਿਡਾਰੀ 13 ਨਵੰਬਰ ਤੋਂ 14 ਦਿਨ ਦੇ ਇਕਾਂਤਵਾਸ ’ਤੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕਾਂਤਵਾਸ ਦੇ ਪ੍ਰੋਟੋਕਾਲ ਕਾਰਨ ਸ਼ਾਇਦ ਭਾਰਤੀ ਗੇਂਦਬਾਜ਼ ਸਿਰਾਜ ਆਪਣੇ ਪਿਤਾ ਦੀਆਂ ਹੈਦਰਾਬਾਦ ਵਿੱਚ ਹੋਣ ਵਾਲੀਆਂ ਆਖ਼ਰੀ ਰਸਮਾਂ ’ਚ ਸ਼ਾਮਲ ਨਾ ਹੋ ਸਕਣ। -ਪੀਟੀਆਈ