ਬਰਮਿੰਘਮ: ਭਾਰਤ ਵੱਲੋਂ ਤਗਮੇ ਦੀ ਤਕੜੀ ਦਾਅਵੇਦਾਰ ਮੰਨੀ ਜਾ ਰਹੀ ਸੀਮਾ ਪੂਨੀਆ ਤੇ ਨਵਜੀਤ ਕੌਰ ਢਿੱਲੋਂ ਮੰਗਲਵਾਰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਮਹਿਲਾ ਡਿਸਕਸ ਥ੍ਰੋਅ ਮੁਕਾਬਲੇ ਦੇ ਫਾਈਨਲ ਵਿਚ ਕ੍ਰਮਵਾਰ ਪੰਜਵੇਂ ਤੇ ਅੱਠਵੇਂ ਸਥਾਨ ਉਤੇ ਰਹੀਆਂ। ਪੰਜਵੀਂ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈ ਰਹੀ ਤੇ ਚਾਰ ਵਾਰ ਤਗਮਾ ਜਿੱਤ ਚੁੱਕੀ ਸੀਮਾ ਨੇ ਆਪਣੀ ਦੂਜੀ ਕੋਸ਼ਿਸ਼ ਵਿਚ ਡਿਸਕਸ ਨੂੰ 55.92 ਮੀਟਰ ਦੀ ਦੂਰੀ ਉਤੇ ਸੁੱਟਿਆ ਜੋ ਕਿ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਰਿਹਾ। ਗੋਲਡ ਕੋਸਟ 2018 ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਨਵਜੀਤ ਬਿਲਕੁਲ ਵੀ ਲੈਅ ਵਿਚ ਨਜ਼ਰ ਨਹੀਂ ਆਈ। ਉਸ ਦਾ ਸਰਵੋਤਮ ਪ੍ਰਦਰਸ਼ਨ 53.51 ਮੀਟਰ ਰਿਹਾ ਜੋ ਉਨ੍ਹਾਂ ਆਪਣੇ ਛੇਵੇਂ ਤੇ ਆਖਰੀ ਯਤਨ ਵਿਚ ਹਾਸਲ ਕੀਤਾ। ਇਸ ਮੁਕਾਬਲੇ ਦਾ ਸੋਨ ਤਗਮਾ ਨਾਇਜੀਰੀਆ ਦੀ ਚਿਓਮਾ ਓਨਯੇਕਵੇਅਰ ਨੇ 61.70 ਮੀਟਰ ਦੀ ਦੂਰੀ ਤੱਕ ਡਿਸਕਸ ਸੁੱਟ ਕੇ ਜਿੱਤਿਆ। ਇੰਗਲੈਂਡ ਦੀ ਜੇਡ ਲੈਲੀ ਨੇ 58.42 ਮੀਟਰ ਨਾਲ ਚਾਂਦੀ ਦਾ ਤੇ ਨਾਇਜੀਰੀਆ ਦੀ ਹੀ ਅਥਲੀਟ ਨੇ ਕਾਂਸੀ ਦਾ ਤਗਮਾ ਜਿੱਤਿਆ। ਸੀਮਾ ਰਾਸ਼ਟਰਮੰਡਲ ਖੇਡਾਂ ਵਿਚੋਂ ਪਹਿਲੀ ਵਾਰ ਖਾਲੀ ਹੱਥ ਪਰਤੇਗੀ। -ਪੀਟੀਆਈ