ਕਾਬੁਲ: ਤਾਲਿਬਾਨ ਨੇ ਅੱਜ ਇਹ ਸਪੱਸ਼ਟ ਕੀਤਾ ਹੈ ਕਿ ਅਫ਼ਗਾਨਿਸਤਾਨ ਵਿਚ ਔਰਤਾਂ ਨੂੰ ਕ੍ਰਿਕਟ ਸਣੇ ਕੋਈ ਖੇਡ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਤਾਲਿਬਾਨ ਦੇ ਇਸ ਐਲਾਨ ਨਾਲ ਨਵੰਬਰ ਵਿਚ ਹੌਬਰਟ ’ਚ ਆਸਟਰੇਲੀਆ ਤੇ ਅਫ਼ਗਾਨਿਸਤਾਨ ਦੀਆਂ ਪੁਰਸ਼ ਟੀਮਾਂ ਵਿਚਾਲੇ ਹੋਣ ਵਾਲੇ ਟੈਸਟ ਮੈਚ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਤਾਲਿਬਾਨ ਦੀ ਸੱਭਿਆਚਾਰਕ ਕਮਿਸ਼ਨ ਦੇ ਉਪ ਮੁਖੀ ਅਹਿਮਦੁੱਲ੍ਹਾ ਵਾਸਿਕ ਨੇ ਐੱਸਬੀਐੱਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਔਰਤਾਂ ਨੂੰ ਕ੍ਰਿਕਟ ਖੇਡਣ ਦੀ ਇਜਾਜ਼ਤ ਦਿੱਤੀ ਜਾਵੇਗੀ ਕਿਉਂਕਿ ਇਹ ਜ਼ਰੂਰੀ ਨਹੀਂ ਕਿ ਔਰਤਾਂ ਕ੍ਰਿਕਟ ਖੇਡਣ। ਕ੍ਰਿਕਟ ਖੇਡਦੇ ਹੋਏ ਅਜਿਹੀ ਸਥਿਤੀ ਪੇਸ਼ ਆ ਸਕਦੀ ਹੈ ਜਦੋਂ ਉਨ੍ਹਾਂ ਦਾ ਮੂੰਹ ਤੇ ਸ਼ਰੀਰ ਢਕਿਆ ਨਾ ਹੋਵੇ। ਇਸਲਾਮ ਔਰਤਾਂ ਨੂੰ ਇਸ ਤਰ੍ਹਾਂ ਦਿਖਣ ਦੀ ਇਜਾਜ਼ਤ ਨਹੀਂ ਦਿੰਦਾ। ਇਹ ਮੀਡੀਆ ਦਾ ਦੌਰ ਹੈ ਅਤੇ ਖੇਡ ਦੌਰਾਨ ਔਰਤਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾਈਆਂ ਜਾਣਗੀਆਂ ਅਤੇ ਲੋਕ ਉਨ੍ਹਾਂ ਨੂੰ ਦੇਖਣਗੇ। ਇਸਲਾਮ ਅਤੇ ਇਸਲਾਮੀ ਅਮੀਰਾਤ ਔਰਤਾਂ ਨੂੰ ਕ੍ਰਿਕਟ ਜਾਂ ਇਸ ਤਰ੍ਹਾਂ ਦਾ ਕੋਈ ਖੇਡ ਖੇਡਣ ਦੀ ਇਜਾਜ਼ਤ ਨਹੀਂ ਦਿੰਦਾ ਜਿਸ ਵਿਚ ਉਹ ਖੁੱਲ੍ਹ ਕੇ ਸਾਹਮਣੇ ਆਉਣ।’’ -ਆਈਏਐੱਨਐੱਸ