ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਜਨਵਰੀ
ਪੰਜਾਬ ਯੂਨੀਵਰਸਿਟੀ ਨੇ ਮੇਜ਼ਬਾਨ ਕੋਟਾ ਯੂਨੀਵਰਸਿਟੀ ਰਾਜਸਥਾਨ ਨੂੰ 3-1 ਨਾਲ ਹਰਾ ਕੇ ਕੌਮੀ ਅੰਤਰ-ਯੂਨੀਵਰਸਿਟੀ ਫੁਟਬਾਲ ਚੈਂਪੀਅਨਸ਼ਿਪ ਜਿੱਤ ਲਈ ਹੈ। ਸਥਾਨਕ ਖ਼ਾਲਸਾ ਕਾਲਜ ਸੁਧਾਰ ਦੇ ਛੇ ਖਿਡਾਰੀ ਧਰਮਪ੍ਰੀਤ ਸਿੰਘ, ਕਰਮਜੀਤ ਸਿੰਘ, ਪੁਨੀਤ ਪਾਲ ਸਿੰਘ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਰੋਹਿਤ ਕਟਾਰੀਆ ਨੇ ਚੈਂਪੀਅਨ ਟੀਮ ਦਾ ਹਿੱਸਾ ਸਨ। ਗੌਰਤਲਬ ਹੈ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਇਹ ਟੀਮ ਕੋਈ ਵੀ ਮੈਚ ਨਹੀਂ ਹਾਰੀ।
ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਅਨੁਸਾਰ ਇਸ ਇਤਿਹਾਸਕ ਜਿੱਤ ਨਾਲ ਟੀਮ ਨੂੰ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਲਈ ਵੀ ਚੁਣਿਆ ਗਿਆ ਹੈ, ਜੋ ਕਿ ਜਲਦੀ ਹੀ ਹੋਣ ਜਾ ਰਹੀਆਂ ਹਨ। ਉਨ੍ਹਾਂ ਇਸ ਪ੍ਰਾਪਤੀ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਰੀਰਕ ਸਿੱਖਿਆ ਅਤੇ ਖੇਡ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।