ਭੁਵਨੇਸ਼ਵਰ: ਖਿਤਾਬ ਦੀ ਆਸ ਟੁੱਟਣ ਮਗਰੋਂ ਸਾਬਕਾ ਚੈਂਪੀਅਨ ਭਾਰਤ ਅੱਜ ਇੱਥੇ ਕਾਂਸੀ ਦਾ ਤਗ਼ਮਾ ਜਿੱਤਣ ਲਈ ਪਲੇਅ ਆਫ ’ਚ ਫਰਾਂਸ ਤੋਂ 1-3 ਨਾਲ ਹਾਰ ਕੇ ਐੱਫਆਈਐੱਚ ਜੂਨੀਅਰ ਹਾਕੀ ਵਿਸ਼ਵ ਕੱਪ ’ਚ ਚੌਥੇ ਸਥਾਨ ’ਤੇ ਰਿਹਾ। ਫਰਾਂਸ ਦੇ ਕਪਤਾਨ ਟਿਮੋਥੀ ਕਲੇਮੈਂਟ ਨੇ ਗੋਲਾਂ ਦੀ ਹੈਟ੍ਰਿੱਕ ਕੀਤੀ ਤੇ ਟੀਮ ਨੂੰ ਕਾਂਸੀ ਦਾ ਤਗ਼ਮਾ ਜਿਤਾਇਆ। ਕਲੇਮੈਂਟ ਨੇ ਫਰਾਂਸ ਲਈ 26ਵੇਂ, 34ਵੇਂ ਤੇ 47ਵੇਂ ਮਿੰਟ ’ਚ ਤਿੰਨ ਪੈਨਲਟੀ ਕਾਰਨਰ ਗੋਲ ’ਚ ਤਬਦੀਲ ਕੀਤੇ ਜਦਕਿ ਭਾਰਤ ਲਈ ਇਕੋ-ਇਕ ਗੋਲ ਸੁਦੀਪ ਚਿਰਮਾਕੋ ਨੇ 42ਵੇਂ ਮਿੰਟ ’ਚ ਕੀਤਾ। ਕੁਆਰਟਰ ਫਾਈਨਲ ’ਚ ਬੈਲਜੀਅਮ ਖ਼ਿਲਾਫ਼ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਭਾਰਤੀਆਂ ਲਈ ਇਹ ਦੂਜਾ ਫਲੌਪ ਸ਼ੋਅ ਰਿਹਾ। ਤੀਜੇ-ਚੌਥੇ ਸਥਾਨ ਦਾ ਮੈਚ ਭਾਰਤ ਲਈ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ’ਚ ਫਰਾਂਸ ਤੋਂ ਮਿਲੀ 4-5 ਨਾਲ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਸੀ ਪਰ ਅਜਿਹਾ ਨਾ ਹੋ ਸਕਿਆ। ਯੂਰੋਪੀ ਟੀਮ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨਾਂ ’ਤੇ ਦਬਦਬਾ ਬਣਾਈ ਰੱਖਿਆ। ਮੈਦਾਨ ’ਚ ਫਰਾਂਸ ਦੀ ਟੀਮ ਕਾਫੀ ਬਿਹਤਰ ਸੀ ਜਿਸ ਨੇ ਪਹਿਲੇ ਕੁਆਰਟਰ ’ਚ ਹੌਲੀ ਸ਼ੁਰੂਆਤ ਤੋਂ ਬਾਅਦ ਕੰਟਰੋਲ ਬਣਾਇਆ ਤੇ 14 ਪੈਨਲਟੀ ਕਾਰਨਰ ਹਾਸਲ ਕੀਤੇ। ਦੂਜੇ ਪਾਸੇ ਭਾਰਤੀ ਟੀਮ ਸਿਰਫ਼ ਤਿੰਨ ਪੈਨਲਟੀ ਕਾਰਨਰ ਹੀ ਹਾਸਲ ਕਰ ਸਕੀ। -ਪੀਟੀਆਈ