ਗੁਰਦੀਪ ਸਿੰਘ ਲਾਲੀ
ਸੰਗਰੂਰ, 15 ਅਕਤੂਬਰ
ਜ਼ਿਲ੍ਹਾ ਸੰਗਰੂਰ ਵਿੱਚ ਅੱਜ ਤੋਂ ਚਾਰ ਸੂਬਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼ ਹੋ ਗਿਆ ਹੈ। ਖੇਡਾਂ ਵਤਨ ਪੰਜਾਬ ਦੀਆਂ ਤਹਿਤ ਇਹ ਖੇਡ ਮੁਕਾਬਲੇ 22 ਅਕਤੂਬਰ ਤੱਕ ਚੱਲਣਗੇ। ਵਾਰ ਹੀਰੋਜ਼ ਸਟੇਡੀਅਮ ਵਿੱਚ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਏਡੀਸੀ (ਵਿਕਾਸ) ਵਰਜੀਤ ਵਾਲੀਆ ਅਤੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਲੜਕੀਆਂ ਦੀ 600 ਮੀਟਰ ਦੌੜ ਕਰਵਾਈ ਗਈ ਅਤੇ ਜੇਤੂ ਖਿਡਾਰਨਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਏਡੀਸੀ ਨੇ ਦੱਸਿਆ ਕਿ ਅਥਲੈਟਿਕਸ ਅਤੇ ਕਿੱਕ ਬਾਕਸਿੰਗ ਦੇ 14 ਸਾਲ ਤੋਂ ਘੱਟ ਉਮਰ ਵਰਗ ਵਿੱਚ ਖੇਡ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ ਹਨ ਜੋ 16 ਅਕਤੂਬਰ ਨੂੰ ਵੀ ਜਾਰੀ ਰਹਿਣਗੇ। ਅੰਡਰ 17 ਵਿੱਚ 17 ਤੇ 18 ਅਕਤੂਬਰ ਨੂੰ ਜਦ ਕਿ ਅੰਡਰ 21 ਅਤੇ 21 ਤੋਂ 40 ਉਮਰ ਵਰਗ ਵਿੱਚ ਕਿੱਕ ਬਾਕਸਿੰਗ ਅਤੇ ਅੰਡਰ 21, 21 ਤੋਂ 40, 41 ਤੋਂ 50 ਅਤੇ 50 ਤੋਂ ਵੱਧ ਉਮਰ ਵਰਗ ਦੇ ਮੁਕਾਬਲੇ 19 ਤੋਂ 22 ਅਕਤੂਬਰ ਤੱਕ ਵਾਰ ਹੀਰੋਜ਼ ਸਟੇਡੀਅਮ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅੰਡਰ 14, 17, 21 ਅਤੇ 21 ਤੋਂ 40 ਸਾਲ ਉਮਰ ਵਰਗ ਵਿੱਚ ਰੋਲਰ ਸਕੇਟਿੰਗ ਦੇ ਮੁਕਾਬਲੇ 19 ਤੋਂ 22 ਅਕਤੂਬਰ ਤੱਕ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਹੋਣਗੇ ਜਦਕਿ ਵੇਟ ਲਿਫਟਿੰਗ ਵਿੱਚ ਅੰਡਰ 14 ਅਤੇ ਅੰਡਰ 17 ਦੇ ਖੇਡ ਮੁਕਾਬਲੇ ਅੱਜ ਤੋਂ ਆਰੰਭ ਹੋ ਕੇ 18 ਅਕਤੂਬਰ ਤੱਕ ਚੱਲਣਗੇ।
ਪਟਿਆਲਾ ’ਚ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਦਾ ਆਗਾਜ਼
ਪਟਿਆਲਾ (ਪੱਤਰ ਪ੍ਰੇਰਕ): ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਦਾ ਆਗਾਜ਼ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਸਪੋਰਟਸ ਗਰਾਊਂਡ ਵਿੱਚ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਕਰਵਾਇਆ। ਉਨ੍ਹਾਂ ਨਾਲ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਗੁਲਜ਼ਾਰੀ ਮੂਣਕ, ਕੁਲਵੰਤ ਭਲਵਾਨ ਤੇ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਅਜੀਤਾ ਵੀ ਮੌਜੂਦ ਸਨ। ਪੰਜਾਬੀ ਯੂਨੀਵਰਸਿਟੀ ਵਿੱਚ ਕਬੱਡੀ ਮਹਾਂਕੁੰਭ ਮੌਕੇ ਰਾਜ ਭਰ ਤੋਂ 8 ਵਰਗਾਂ ਦੇ 14 ਤੋਂ 17 ਸਾਲ ਅਤੇ 18 ਤੋਂ 41 ਸਾਲ ਤੱਕ ਦੇ 5000 ਦੇ ਕਰੀਬ ਨੈਸ਼ਨਲ ਅਤੇ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ।