ਅਮਰਪ੍ਰੀਤ ਸਿੰਘ
ਚੰਡੀਗੜ੍ਹ: ਦੱਖਣੀ ਅਫ਼ਰੀਕਾ ਦੇ ਫੁਟਬਾਲ ਕੋਚ ਨੇ ਟੀਮ ਨੂੰ ‘ਕੋਵਿਡ-19 ਦੀ ਮਾਰ ਹੇਠ ਆਇਆ ਸਕੁਐਡ’ ਦੱਸਣ ਦਾ ਬੁਰਾ ਮਨਾਇਆ ਹੈ। ਮੇਜ਼ਬਾਨ ਜਾਪਾਨ ਨਾਲ ਖੇਡੇ ਮੁਕਾਬਲੇ ਮਗਰੋਂ ਟੀਮ ਨੂੰ ਇਕਾਂਤਵਾਸ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ। ਕੋਚ ਡੇਵਿਡ ਨੋਟੋਆਨੇ ਨੇ ਕਿਹਾ ਕਿ ਟੀਮ ਦੇ ਦੋ ਖਿਡਾਰੀ ਤੇ ਇਕ ਵੀਡੀਓ ਸਮੀਖਿਅਕ ਕਰੋਨਾ ਪਾਜ਼ੇਟਿਵ ਨਿਕਲ ਆਏ ਸਨ। ਲੋਕ ਉਨ੍ਹਾਂ ਦੀ ਟੀਮ ਨੂੰ ਵੇਖ ਦੇ ਦੂਰ ਭੱਜਦੇ ਹਨ। ਨੋੋਟੋਆਨੇ ਨੇ ਕਿਹਾ ਕਿ ਭਾਵੇਂ ਉਹ ਮੈਚ ਹਾਰ ਗਏ, ਪਰ ਟੀਮ ’ਤੇ ‘ਦਾਗ਼’ ਲਾਉਣਾ ਠੀਕ ਨਹੀਂ ਹੈ। ਉਸ ਨੇ ਕਿਹਾ, ‘‘ਜਦੋਂ ਕਦੇ ਵੀ ਅਸੀਂ ਲੋਕਾਂ ਸਾਹਮਣੇ ਆਉਂਦੇ ਹਾਂ ਤਾਂ ਉਹ ਭੱਜਣ ਨੂੰ ਥਾਂ ਲੱਭਦੇ ਹਨ। ਮੈਨੂੰ ਲਗਦਾ ਹੈ ਕਿ ਇਹ ਨਿਰਾਦਰ ਕਰਨ ਵਾਂਗ ਹੈ।’’ ਦੱਖਣੀ ਅਫ਼ਰੀਕਾ ਦੀ ਟੀਮ ਨੂੰ ਹੁਣ ਤੱਕ ਦੋ ਅਭਿਆਸ ਸੈਸ਼ਨਾਂ ’ਚੋਂ ਗੈਰਹਾਜ਼ਰ ਰਹਿਣ ਲਈ ਮਜਬੂਰ ਕੀਤਾ ਗਿਆ ਹੈ। ਖਿਡਾਰੀ ਆਪਣੇ ਕਮਰਿਆਂ ਤੱਕ ਸੀਮਤ ਰਹਿ ਗਏ ਸਨ। ਨੋਟੋਆਨੇ ਨੇ ਮੰਨਿਆ ਕਿ ‘ਕਰੋਨਾ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ, ਪਰ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਮ ਨਾਲ ਮਾਨਵੀ ਸਲੂਕ ਕਰਨ।