ਦੇਵਿੰਦਰ ਸਿੰਘ ਜੱਗੀ
ਪਾਇਲ, 11 ਅਪਰੈਲ
ਬਾਬਾ ਰਾਗੋ ਰਾਮ ਜੀ ਦੇ ਚੇਤ ਚੌਦੇ ਦੇ ਮੇਲੇ ’ਤੇ ਡੇਰਾ ਰਾਮਸਰ ਪ੍ਰਬੰਧਕ ਕਮੇਟੀ, ਗਰਾਮ ਪੰਚਾਇਤ ਧਮੋਟ ਕਲਾਂ, ਧਮੋਟ ਖੁਰਦ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੰਗਲ ਕਰਵਾਇਆ ਗਿਆ। ਇਸ ਦੰਗਲ ਵਿੱਚ ਵੱਖ-ਵੱਖ ਸਮੇਂ ‘ਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ, ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ ਅਤੇ ਠੇਕੇਦਾਰ ਹਰਮਿੰਦਰ ਸਿੰਘ ਛਿੰਦਾ ਘੁਡਾਣੀ ਵੱਲੋਂ ਭਲਵਾਨਾਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਦੌਰਾਨ ਵੱਡੀ ਝੰਡੀ ਦੀ ਇੱਕ ਲੱਖ ਰੁਪਏ ਦੇ ਮੁੱਲ ਦੀ ਸੱਜਰ ਸੂਈ ਝੋਟੀ ਵਾਲੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਨੇ ਰੋਜ਼ੀ ਕਪੂਰਥਲਾ ਨੂੰ ਚਿੱਤ ਕਰਕੇ ਜਿੱਤੀ। ਝੰਡੀ ਦੀ ਕੁਸ਼ਤੀ ਦਾ ਇਨਾਮ ਠੇਕੇਦਾਰ ਮਨਜੀਤ ਸਿੰਘ ਬੀਜਾ ਮੈਂਬਰ ਬਲਾਕ ਸਮਿਤੀ ਦੇ ਪਰਿਵਾਰ ਵੱਲੋਂ ਦਿੱਤਾ ਗਿਆ। ਛੋਟੀ ਝੰਡੀ ਦੀ ਕੁਸ਼ਤੀ ਤਾਜ ਰੌਣੀ ਨੇ ਦੀਪਕ ਹੱਲਾ ਨੂੰ, ਲਾਲੀ ਮੰਡ ਚੌਤਾਂ ਨੇ ਭਿੰਦਰ ਸਮਾਣਾ ਨੂੰ ਹਰਾ ਕੇ ਜਿੱਤੀ। ਹਰਮਨ ਆਲਮਗੀਰ ਤੇ ਮੇਜਰ ਲੀਲਾਂ, ਤਾਜ ਬਾਬਾ ਫਲਾਹੀ ਤੇ ਅਜਵਿੰਦਰ ਇਯਾਲੀ, ਜੱਸਾ ਧਗੇੜਾ ਤੇ ਰਵੀ ਰੌਣੀ ਦੀ ਕੁਸ਼ਤੀ ਬਰਾਬਰ ਰਹੀ। ਸੂਰਜ ਦੋਰਾਹਾ ਨੇ ਆਤਿਸ਼ ਮਾਲੇਰਕੋਟਲਾ ਨੂੰ, ਕਾਨਾ ਰੌਣੀ ਨੇ ਅਰਸ਼ ਮਾਲੇਰਕੋਟਲਾ ਅਤੇ ਡਾ. ਮਾਲੇਰਕੋਟਲਾ ਨੇ ਕਰਨ ਆਮਲਗੀਰ ਦੀ ਪਿੱਠ ਲਾਈ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਮੀਤਾ ਅਤੇ ਪ੍ਰਧਾਨ ਕੁਲਦੀਪ ਸਿੰਘ ਪੰਚ ਨੇ ਦੱਸਿਆ ਕਿ ਇਸ ਦੰਗਲ ਦੀ ਪ੍ਰਬੰਧਕ ਕਮੇਟੀ ਨੂੰ ਬਲਵਿੰਦਰ ਸਿੰਘ ਚੀਮਾ ਅਤੇ ਰਾਜਵਿੰਦਰ ਸਿੰਘ ਲੁਧਿਆਣਾ ਵੱਲੋਂ 31 ਹਜ਼ਾਰ, ਭੁਪਿੰਦਰ ਸਿੰਘ ਅਤੇ ਗੋਪੀ ਲੁਧਿਆਣਾ ਵੱਲੋਂ 21 ਹਜ਼ਾਰ ਰੁਪਏ, ਸੱਜਣ ਸਿੰਘ ਕੈਨੇਡਾ ਵੱਲੋਂ 16 ਹਜ਼ਾਰ ਰੁਪਏ ਅਤੇ ਬਲਵੰਤ ਸਿੰਘ ਦੇ ਪਰਿਵਾਰ ਵੱਲੋਂ 11-11 ਹਜ਼ਾਰ ਰੁਪਏ ਦਾ ਯੋਗਦਾਨ ਪਾਇਆ ਗਿਆ। ਇਸ ਦੰਗਲ ਦੀ ਰੈਫਰਿੰਗ ਗੁਰਮੇਲ ਸਿੰਘ ਮੇਲੀ ਰੁੜਕੀ ਅਤੇ ਹਰਪ੍ਰੀਤ ਸੋਹੀ ਵੱਲੋਂ ਕੀਤੀ ਗਈ ਅਤੇ ਕੁਮੈਂਟਰੀ ਨਾਜ਼ਰ ਸਿੰਘ ਢੰਡੋਗਲ ਖੇੜੀ ਅਤੇ ਜੱਸਾ ਨੇ ਕੀਤੀ।
ਪਿੰਡ ਅਖਾੜਾ ਦੇ ਦੰਗਲ ਵਿੱਚ ਛਿੰਦੇ ਦੀ ਝੰਡੀ
ਜਗਰਾਉਂ (ਜਸਬੀਰ ਸ਼ੇਤਰਾ): ਪਿੰਡ ਅਖਾੜਾ ਵਿੱਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਇਸ ਦੌਰਾਨ ਗੁਰਦੁਆਰਾ ਕੈਮਾਂ ਵਾਲੀ ਢਾਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਉਪਰੰਤ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਨਾਮੀ ਪਹਿਲਵਾਨਾਂ ਦਾ ਦੰਗਲ ਵੀ ਕਰਵਾਇਆ, ਜਿਸ ਵਿੱਚ ਪਟਕੇ ਦੀ ਕੁਸ਼ਤੀ ਪਹਿਲਵਾਨ ਛਿੰਦਾ ਲੀਲਾਂ ਨੇ ਸੁੱਖਾ ਰਾਜਸਥਾਨ ਨੂੰ ਹਰਾ ਕੇ ਜਿੱਤੀ। ਪਟਕੇ ਦੀ ਦੂਜੀ ਕੁਸ਼ਤੀ ’ਚ ਮੇਜਰ ਲੀਲਾਂ ਨੇ ਪਹਿਲਵਾਨ ਕਰਮਾ ਨੂੰ ਹਰਾਇਆ। ਜੇਤੂ ਪਹਿਲਵਾਨਾਂ ਨੂੰ 25000 ਅਤੇ 17000 ਦੇ ਇਨਾਮ ਦਿੱਤੇ ਗਏ। ਇਸ ਦੌਰਾਨ ਸਾਬਕਾ ਮੰਤਰੀ ਅਤੇ ਜ਼ਿਲ੍ਹਾ ਯੋਜਨਾ ਬੋਰਡ ਲੁਧਿਆਣਾ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਪਹਿਲਵਾਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਪਿੰਡ ਦੇ ਸਟੇਡੀਅਮ ’ਚ ਆਧੁਨਿਕ ਜਿਮ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।