ਮੈਲਬਰਨ: ਆਸਟਰੇਲੀਆ ਦੇ ਇਮੀਗ੍ਰੇਸ਼ਨ ਹਿਰਾਸਤੀ ਹੋਟਲ ਵਿਚ ਚਾਰ ਦਿਨ ਬਿਤਾਉਣ ਤੋਂ ਬਾਅਦ ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੇ ਦੇਸ਼ ਨਿਕਾਲੇ ਦੇ ਮਾਮਲੇ ਦੀ ਸੋਮਵਾਰ ਨੂੰ ਅਦਾਲਤ ਵਿਚ ਸੁਣਵਾਈ ਹੋਵੇਗੀ। ਪਿਛਲੇ ਹਫ਼ਤੇ ਮੈਲਬਰਨ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਜੋਕੋਵਿਚ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਆਸਟਰੇਲੀਆ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹ ਦੇਸ਼ ਵਿੱਚ ਦਾਖ਼ਲ ਹੋਣ ’ਤੇ ਸਾਰੇ ਗ਼ੈਰ-ਨਾਗਰਿਕਾਂ ਲਈ ਕੋਵਿਡ-19 ਦੇ ਵਿਰੁੱਧ ਲਾਜ਼ਮੀ ਪੂਰਨ ਟੀਕਾਕਰਨ ਤੋਂ ਛੋਟ ਦੀ ਯੋਗਤਾ ਨੂੰ ਪੂਰਾ ਨਹੀਂ ਕਰਦੇ ਹਨ। ਹਾਲਾਂਕਿ ਸਰਬੀਆ ਦੇ ਇਸ ਸਟਾਰ ਖਿਡਾਰੀ ਨੂੰ ਕਾਫ਼ੀ ਸਮਰਥਨ ਮਿਲ ਰਿਹਾ ਹੈ। ਜੋਕੋਵਿਚ ਦੇ ਵਕੀਲਾਂ ਨੇ ਆਸਟਰੇਲੀਆ ਤੋਂ ਉਸ ਦੇ ਦੇਸ਼ ਨਿਕਾਲੇ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਵੀਜ਼ਾ ਰੱਦ ਕਰਨ ‘ਤੇ ਇੱਕ ਵਰਚੁਅਲ ਸੁਣਵਾਈ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਆਫ਼ ਆਸਟਰੇਲੀਆ ਲਈ ਮੈਲਬੌਰਨ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰੇ 10 ਵਜੇ ਤੈਅ ਕੀਤੀ ਗਈ ਹੈ। ਜੋਕੋਵਿਚ ਖ਼ਿਲਾਫ਼ ਕੇਸ ਤਿਆਰ ਕਰਨ ਲਈ ਵਾਧੂ ਸਮਾਂ ਦੇਣ ਦੀ ਸੰਘੀ ਸਰਕਾਰ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਗਿਆ ਹੈ। ਆਸਟਰੇਲੀਅਨ ਓਪਨ 17 ਜਨਵਰੀ ਤੋਂ ਖੇਡਿਆ ਜਾਣਾ ਹੈ। -ਪੀਟੀਆਈ
ਜੋਕੋਵਿਚ ਦੇ ਸਮਰਥਕਾਂ ਵੱਲੋਂ ਹੋਟਲ ਦੇ ਬਾਹਰ ਪ੍ਰਦਰਸ਼ਨ
ਜੋਕੋਵਿਚ ਦੇ ਸਮਰਥਕਾਂ ਨੇ ਐਤਵਾਰ ਨੂੰ ਸਥਾਨਕ ਪਾਰਕ ਹੋਟਲ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਹੋਟਲ ਵਿਚ ਜੋਕੋਵਿਚ ਵੀਜ਼ਾਂ ਨਿਯਮਾਂ ਦੀ ਉਲੰਘਣਾ ਦੇ ਦੋਸ਼ਾਂ ਹੇਠ ਚੌਥਾ ਦਿਨ ਕੱਟ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਸਰਬਿਆਈ ਝੰਡੇ ਵਾਲੀਆਂ ਟੋਪੀਆਂ ਲਈਆਂ ਹੋਈਆਂ ਸਨ। ਉਹ ਹੋਟਲ ਦੇ ਬਾਹਰ ਗੀਤ ਲਾ ਕੇ ਨੱਚਦੇ ਰਹੇ। ਜੋਕੋਵਿਚ ਅਦਾਲਤ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਿਹਾ ਹੈ ਜਿਸ ਵਿਚ ਉਸ ਦੀ ਵਾਪਸੀ ਬਾਰੇ ਫ਼ੈਸਲਾ ਹੋਵੇਗਾ।