ਚੀਬਾ (ਜਾਪਾਨ), 5 ਅਗਸਤ
ਭਾਰਤੀ ਪਹਿਲਵਾਨ ਦੀਪਕ ਪੂਨੀਆ ਅੱਜ 86 ਕਿਲੋਗਰਾਮ ਦੇ ਪਲੇਅ ਆਫ ਵਿਚ ਸਾਂ ਮੈਰੀਨੋ ਦੇ ਮਾਈਲੇਸ ਨਜ਼ਮ ਅਮੀਨ ਤੋਂ ਹਾਰ ਗਿਆ ਹੈ। ਇਸ ਹਾਰ ਨਾਲ ਭਾਰਤੀ ਪਹਿਲਵਾਨ ਦਾ ਕਾਂਸੀ ਦਾ ਤਗਮਾ ਹਾਸਲ ਕਰਨ ਦਾ ਸੁਪਨਾ ਟੁੱਟ ਗਿਆ ਹੈ। ਇਸੇ ਦੌਰਾਨ ਭਾਰਤ ਲਈ ਤਗਮੇ ਦੀ ਦਾਅਵੇਦਾਰ ਪਹਿਲਵਾਨ ਵਿਨੇਸ਼ ਫੋਗਾਟ ਅੱਜ ਮਹਿਲਾ 53 ਕਿਲੋਗਰਾਮ ਵਰਗ ਦੇ ਕੁਆਰਟਰ ਫਾਈਨਲ ਵਿਚ ਬੇਲਾਰੂਸ ਦੀ ਵੇਨੇਸਾ ਕਾਲਾਦਜਿਨਸਕਾਇਆ ਤੋਂ ਹਾਰ ਗਈ ਹੈ।
ਮਾਈਲੇਸ ਨੇ ਆਖਰੀ 10 ਸਕਿੰਟ ਵਿਚ ਦੀਪਕ ਖ਼ਿਲਾਫ਼ ਵਧੀਆ ਖੇਡ ਦਿਖਾ ਕੇ ਮੈਚ ਦਾ ਰੁਖ਼ ਬਦਲਿਆ। ਦੀਪਕ ਨੇ ਵਧੀਆ ਰੱਖਿਆਤਮਕ ਖੇਡ ਦਿਖਾਈ ਪਰ ਸਾਂ ਮੈਰੀਨੋ ਦੇ ਪਹਿਲਵਾਨ ਨੇ ਆਖਰੀ ਪਲਾਂ ਵਿਚ ਭਾਰਤੀ ਪਹਿਲਵਾਨ ਨੂੰ ਹੇਠਾਂ ਸੁੱਟ ਕੇ ਫੈਸਲਾਕੁਨ ਦੋ ਅੰਕ ਹਾਸਲ ਕੀਤੇ ਤੇ ਉਸ ਨੇ ਮੈਚ 4-2 ਨਾਲ ਜਿੱਤ ਲਿਆ।
ਉਧਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੀ ਕੁਆਰਟਰ ਫਾਈਨਲ ਮੁਕਾਬਲਾ ਹਾਰ ਗਈ। ਬੇਲਾਰੂਸ ਦੀ ਪਹਿਲਵਾਨ ਤੋਂ ਹਾਰਨ ਮਗਰੋਂ ਵਿਨੇਸ਼ ਦੇ ਮੁਕਾਬਲੇ ਤੋਂ ਬਾਹਰ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਵੇਨੇਸਾ ਨੇ ਵਧੀਆ ਖੇਡ ਦਿਖਾਈ ਜਿਸ ਦਾ ਵਿਨੇਸ਼ ਜਵਾਬ ਨਹੀਂ ਦੇ ਸਕੀ। ਵੇਨੇਸਾ ਨੇ ਇਸ ਜਿੱਤ ਨਾਲ ਯੂਕਰੇਨ ਵਿਚ ਇਸ ਭਾਰਤੀ ਪਹਿਲਵਾਨ ਤੋਂ ਮਿਲੀ ਹਾਰ ਦਾ ਹਿਸਾਬ ਵੀ ਪੂਰਾ ਕਰ ਦਿੱਤਾ ਹੈ। ਯੂਰਪੀਅਨ ਚੈਂਪੀਅਨ ਵੇਨੇਸਾ ਨੇ ਆਪਣੀ ਰਣਨੀਤੀ ਨਾਲ ਵਿਰੋਧੀ ਖਿਡਾਰਨ ਦੀ ਇਕ ਨਾ ਚੱਲਣ ਦਿੱਤੀ ਜਿਸ ਕਾਰਨ ਵਿਨੇਸ਼ ਅੰਕ ਜੁਟਾਉਣ ਵਿਚ ਕਾਮਯਾਬ ਨਾ ਹੋ ਸਕੀ। ਇਸ ਤੋਂ ਬਾਅਦ ਵਿਨੇਸ਼ ਨੇ ਹੌਸਲਾ ਛੱਡ ਦਿੱਤਾ। -ਪੀਟੀਆਈ