ਗੋਲਡ ਕੋਸਟ, 30 ਸਤੰਬਰ
ਭਾਰਤੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਕਰੀਅਰ ਦੀ ਸਭ ਤੋਂ ਵਧੀਆ ਨਾਬਾਦ 80 ਦੌੜਾਂ ਦੀ ਪਾਰੀ ਦੀ ਮਦਦ ਨਾਲ ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਇੱਕਮਾਤਰ ਦਿਨ-ਰਾਤ ਦੇ ਮਹਿਲਾ ਕ੍ਰਿਕਟ ਟੈਸਟ ਮੈਚ ਦੇ ਮੀਂਹ ਤੋਂ ਪ੍ਰਭਾਵਿਤ ਪਹਿਲੇ ਦਿਨ ਅੱਜ ਇੱਥੇ ਇਕ ਵਿਕਟ ਗੁਆ ਕੇ 132 ਦੌੜਾਂ ਬਣਾਈਆਂ। ਆਫ਼ ਸਾਈਡ ਉੱਤੇ ਕੁਝ ਸ਼ਾਨਦਾਰ ਸ਼ਾਟ ਲਾਉਣ ਵਾਲੀ ਮੰਧਾਨਾ ਨੇ 144 ਗੇਂਦਾਂ ਉੱਤੇ 15 ਚੌਕਿਆਂ ਦੀ ਮਦਦ ਨਾਲ 80 ਦੌੜਾਂ ਬਣਾ ਲਈਆਂ ਹਨ। ਉਸ ਨੇ ਪਹਿਲੇ ਵਿਕਟ ਲਈ ਸ਼ੈਫਾਲੀ ਵਰਮਾ ਨਾਲ 93 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੈਫਾਲੀ ਨੇ 64 ਗੇਂਦਾਂ ਵਿਚ 31 ਦੌੜਾਂ ਬਣਾਈਆਂ। ਦੂਜੇ ਸੈਸ਼ਨ ਦਾ ਜ਼ਿਆਦਾਤਰ ਖੇਡ ਮੀਂਹ ਦੀ ਭੇਟ ਚੜ੍ਹ ਗਿਆ। -ਪੀਟੀਆਈ