ਪੱਤਰ ਪ੍ਰੇਰਕ
ਪਠਾਨਕੋਟ, 17 ਦਸੰਬਰ
ਗਰੀਨਲੈਂਡ ਕ੍ਰਿਕਟ ਕਲੱਬ ਦੇ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਚੇਅਰਮੈਨ ਡਾ. ਗੁਰਬਖਸ਼ ਚੌਧਰੀ ਦੀ ਨਿਰਦੇਸ਼ਨਾਂ ਹੇਠ ਐਸਡੀ ਸਕੂਲ ਦੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਓਪਨ ਕ੍ਰਿਕਟ ਕ੍ਰਿਸਮਸ ਟੂਰਨਾਮੈਂਟ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਮੁੱਖ ਮਹਿਮਾਨ ਵਜੋਂ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਅਮਿਤ ਨਈਅਰ ਸ਼ਾਮਲ ਹੋਏ ਅਤੇ ਉਨ੍ਹਾਂ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਸੀਆ ਟਰੇਡ ਅਤੇ ਕਿੰਗਜ਼ ਇਲੈਵਨ ਜਲੰਧਰ ਦੀਆਂ ਟੀਮਾਂ ਦਰਮਿਆਨ ਮੈਚ ਸ਼ੁਰੂ ਕਰਵਾਇਆ।
ਕਾਰਜਕਾਰੀ ਪ੍ਰਧਾਨ ਡਾ. ਐਮਐਲ ਅੱਤਰੀ ਅਨੁਸਾਰ ਟਾਸ ਜਿੱਤ ਕੇ ਕਿੰਗਜ਼ ਇਲੈਵਨ ਨੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਸੀਆ ਟਰੇਡ ਦੀ ਟੀਮ ਪਹਿਲਾਂ ਖੇਡਦੇ ਹੋਏ ਕੋਈ ਵਧੀਆ ਪ੍ਰਦਰਸ਼ਨ ਨਾ ਦਿਖਾ ਸਕੀ ਅਤੇ ਸਿਰਫ 79 ਦੌੜਾਂ ਹੀ ਬਣਾ ਸਕੀ। ਇਸ ਦੇ ਜੁਆਬ ਵਿੱਚ ਕਿੰਗਜ਼ ਇਲੈਵਨ ਦੀ ਟੀਮ ਨੇ ਖੇਡਣਾ ਸ਼ੁਰੂ ਕੀਤਾ ਅਤੇ ਨਿਰਧਾਰਿਤ 20 ਓਵਰਾਂ ਤੋਂ ਪਹਿਲਾਂ ਹੀ ਆਸਾਨੀ ਨਾਲ 8 ਓਵਰਾਂ ਵਿੱਚ ਨਿਰਧਾਰਿਤ ਟੀਚਾ ਪਾਰ ਕਰਦੇ ਹੋਏ ਮੈਚ ਨੂੰ ਜਿੱਤ ਲਿਆ। ਕਿੰਗਜ਼ ਇਲੈਵਨ ਜਲੰਧਰ ਦੀ ਟੀਮ ਦੇ ਬੱਲੇਬਾਜ਼ ਵਿੱਕੀ ਨੂੰ 4 ਵਿਕਟਾਂ ਹਥਿਆਉਣ ਸਦਕਾ ਮੈਨ ਆਫ ਮੈਚ ਖਿਡਾਰੀ ਘੋਸ਼ਿਤ ਕੀਤਾ ਗਿਆ।