ਬਰਮਿੰਘਮ, 30 ਜੁਲਾਈ
ਭਾਰਤੀ ਮਹਿਲਾ ਹਾਕੀ ਟੀਮ ਦੀ ਮਿਡਫੀਲਡਰ ਨਵਜੋਤ ਕੌਰ ਕਰੋਨਾ ਪਾਜ਼ੇਵਿਟ ਹੋਣ ਕਾਰਨ ਦੇਸ਼ ਪਰਤੇਗੀ। ਕੁਰੂਕਸ਼ੇਤਰ ਦੀ 27 ਸਾਲਾ ਨਵਜੋਤ ਦੋ ਦਿਨ ਤੋਂ ਇਕਾਂਤਵਾਸ ਸੀ। ਉਨ੍ਹਾਂ ਦੀ ਥਾਂ ਟੀਮ ਵਿਚ ਸੋਨਿਕਾ ਨੂੰ ਸ਼ਾਮਲ ਕੀਤਾ ਗਿਆ ਹੈ। ਭਾਰਤ ਨੇ ਸ਼ੁੱਕਰਵਾਰ ਘਾਨਾ ਉਤੇ 5-0 ਨਾਲ ਜਿੱਤ ਹਾਸਲ ਕਰ ਕੇ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ। ਟੀਮ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਲੱਗ-ਅਲੱਗ ਰੱਖਿਆ ਗਿਆ ਹੈ। ਉਨ੍ਹਾਂ ਦਾ ਪਹਿਲਾ ਟੈਸਟ ਪਾਜ਼ੇਟਿਵ ਆਇਆ ਸੀ ਪਰ ਦੂਜੇ ਟੈਸਟ ਵਿਚ ਸੁਧਾਰ ਹੋਇਆ ਹੈ। ਉਸ ਤੋਂ ਦੂਜਿਆਂ ਨੂੰ ਲਾਗ ਨਹੀਂ ਲੱਗ ਸਕਦੀ। ਉਨ੍ਹਾਂ ਕਿਹਾ ਕਿ ਪੂਰੀ ਸੰਭਾਵਨਾ ਹੈ ਕਿ ਨਵਜੋਤ ਨੂੰ ਵਾਪਸ ਭੇਜਿਆ ਜਾਵੇਗਾ। ਨਵਜੋਤ ਜਕਾਰਤਾ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਟੀਮ ਤੇ 2014 ਵਿਚ ਇੰਚੀਓਨ ਖੇਡਾਂ ਦੀ ਕਾਂਸੀ ਦੀ ਤਗਮਾ ਜਿੱਤਣ ਵਾਲੀ ਟੀਮ ਦੀ ਮੈਂਬਰ ਸੀ। ਭਾਰਤ ਦਾ 300 ਤੋਂ ਵੱਧ ਮੈਂਬਰਾਂ ਵਾਲਾ ਦਲ ਹਾਲੇ ਤੱਕ ਖੇਡਾਂ ਦੌਰਾਨ ਕੋਵਿਡ ਤੋਂ ਮੁਕਤ ਸੀ। ਮਹਿਲਾ ਕ੍ਰਿਕਟ ਟੀਮ ਦੀਆਂ ਦੋ ਮੈਂਬਰਾਂ ਪੂਜਾ ਵਸਤਰਾਕਰ ਤੇ ਮੇਘਨਾ ਦਾ ਭਾਰਤ ਵਿਚ ਟੈਸਟ ਪਾਜ਼ੇਟਿਵ ਆਇਆ ਸੀ। ਉਹ ਉਸ ਤੋਂ ਬਾਅਦ ਵਿਚ ਉੱਭਰ ਗਈਆਂ ਸਨ। ਇਸ ਹਫ਼ਤੇ ਦੇ ਸ਼ੁਰੂ ਵਿਚ ਪ੍ਰਬੰਧਕਾਂ ਨੇ ਕਿਹਾ ਸੀ ਕਿ ਖੇਡ ਪਿੰਡ ਵਿਚ ਹਰ ਦਿਨ ਲਗਭਗ ਇਕ ਦਰਜਨ ਮਾਮਲੇ ਮਿਲ ਰਹੇ ਹਨ। ਬਰਮਿੰਘਮ ਰਾਸ਼ਟਰਮੰਡਲ ਖੇਡਾਂ ਮਹਾਮਾਰੀ ਤੋਂ ਬਾਅਦ ਪਹਿਲਾ ਵੱਡਾ ਖੇਡ ਸਮਾਗਮ ਹੈ ਜਿਸ ਵਿਚ ਕਰੜੀਆਂ ਪਾਬੰਦੀਆਂ ਨਹੀਂ ਲਾਈਆਂ ਗਈਆਂ ਹਨ। ਖਿਡਾਰੀਆਂ ਨੂੰ ਜਨਤਕ ਥਾਵਾਂ ਉਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ। -ਪੀਟੀਆਈ