ਪਟਿਆਲਾ: ਪਟਿਆਲਾ ਬੇਸਬਾਲ ਐਸੋਸੀਏਸ਼ਨ ਨੇ ਸੀਨੀਅਰ ਬੇਸਬਾਲ ਜ਼ਿਲ੍ਹਾ ਚੈਂਪੀਅਨਸ਼ਿਪ ਇੱਥੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ਼ ਫਿਜੀਕਲ ਕਾਲਜ ਵਿੱਚ ਕਰਵਾਈ, ਜਿਸ ’ਚ 10 ਟੀਮਾਂ ਨੇ ਭਾਗ ਲਿਆ। ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜ ਪ੍ਰੋ. ਗੁਰਸੇਵਕ ਸਿੰਘ ਸਰੀਰਕ ਸਿੱਖਿਆ ਕਾਲਜ ਇਸ ਚੈਂਪੀਅਨਸ਼ਿਪ ਦਾ ਜੇਤੂ ਰਿਹਾ। ਜਦ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਹਿਮਾਂਸ਼ੂ ਨੂੰ ਬੈਸਟ ਪਿਚਰ ਆਫ਼ ਟੂਰਨਾਮੈਂਟ ਐਲਾਨਿਆ ਗਿਆ। ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਬੀ.ਪੀ.ਈ.ਡੀ. ਦੇ ਦੂਜੇ ਸਾਲ ਦੇ ਵਿਦਿਆਰਥੀਆਂ ਵੱਲੋਂ ਕਰਵਾਈ ਗਈ ਇਸ ਅਥਲੈਟਿਕ ਮੀਟ ਵਿੱਚ ਉਪ ਕੁਲਪਤੀ ਲੈਫ. ਜਨਰਲ ਡਾ. ਜੇ.ਐਸ. ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ। ਉੱਘੇ ਬਾਕਸਿੰਗ ਕੋਚ ਤੇ ਦਰੋਣਾਚਾਰੀਆ ਐਵਾਰਡੀ ਜੀ.ਐਸ. ਸੰਧੂ ਅਤੇ ਕੌਮਾਂਤਰੀ ਘੋੜ ਸਵਾਰ ਐਥਲੀਟ ਯੂਨੀਵਰਸਿਟੀ ਦੇ ਰਜਿਸਟਰਾਰ ਕਰਨਲ ਨਵਜੀਤ ਸਿੰਘ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਜੇ.ਐਸ. ਚੀਮਾ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਸਾਰੇ ਮੁਕਾਬਲੇ ਖੇਡ ਭਾਵਨਾਂ ਨਾਲ ਖੇਡਣ ਲਈ ਪ੍ਰੇਰਤ ਕੀਤਾ।
-ਨਿੱਜੀ ਪੱਤਰ ਪ੍ਰੇਰਕ